ਖੰਨਾ/ਲੁਧਿਆਣਾ:ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਪਾਰਟੀਆਂ ਵਲੋਂ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਤਹਿਤ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਲਗਾਤਾਰ ਪੰਜਾਬ ਦੀ ਆਪ ਸਰਕਾਰ ਸਣੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਤੰਜ ਕੱਸੇ ਜਾ ਰਹੇ ਹਨ। ਦੂਜੇ ਪਾਸੇ, ਖਹਿਰਾ ਨੇ ਸੰਗਰੂਰ ਤੋਂ ਲੋਤ ਸਭਾ ਚੋਣ ਲੜ੍ਹਨ ਦੀ ਗੱਲ ਕਹੀ ਜਿਸ ਲਈ ਪਾਰਟੀ ਕੋਲੋਂ ਕੁਝ ਮੰਗ ਵੀ ਰੱਖੀ ਹੈ।
ਚੁਣੌਤੀ ਤੋਂ ਪਿੱਛੇ ਨਹੀਂ ਹਟਣਗੇ:ਇਸ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਜਦ ਉਹ ਨਾਭਾ ਜੇਲ੍ਹ ਵਿੱਚ ਸਨ, ਤਾਂ ਉੱਥੇ ਉਨ੍ਹਾਂ ਨੂੰ ਮਿਲਣ ਆਏ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਉਦੋਂ ਪਲਾਨਿੰਗ ਸ਼ੁਰੂ ਕਰ ਦਿੱਤੀ ਸੀ ਕਿ ਉਨ੍ਹਾਂ ਨੂੰ ਸੰਗਰੂਰ ਤੋਂ ਚੋਣ ਲੜਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨਾਲ ਬੇਇਨਸਾਫੀ ਕੀਤੀ ਹੈ। ਇਸ ਦਾ ਸਹੀ ਜਵਾਬ ਦੇਣ ਦਾ ਤਰੀਕਾ ਇਹੀ ਹੈ ਕਿ ਸੰਗਰੂਰ ਤੋਂ ਚੋਣ ਲੜ ਕੇ ਕਾਂਗਰਸ ਦੀ ਜਿੱਤ ਦਰਜ ਕਰਾਉਣ। ਫਿਰ ਵੀ ਉਨ੍ਹਾਂ ਦੀ ਤਰਜ਼ੀਹ ਇਹ ਕਿ ਉਥੋਂ ਕਾਂਗਰਸ ਦਾ ਲੋਕਲ ਪੱਧਰ 'ਤੇ ਯੋਗ ਨੇਤਾ ਚੋਣ ਲੜੇ।
ਇਸ ਦੇ ਬਾਵਜੂਦ ਕਾਂਗਰਸ ਜੇਕਰ ਉਨ੍ਹਾਂ ਨੂੰ ਚੋਣ ਲੜਨ ਦਾ ਹੁਕਮ ਦੇਵੇਗੀ ਤਾਂ ਉਹ ਪੂਰੀ ਤਰ੍ਹਾਂ ਨਾਲ ਤਿਆਰ ਹਨ। ਕਿਸੇ ਵੀ ਚੁਣੌਤੀ ਤੋਂ ਪਿੱਛੇ ਨਹੀਂ ਹਟਣਗੇ।
ਮਾਨ ਸਰਕਾਰ ਉੱਤੇ ਤੰਜ:ਖਹਿਰਾ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸਾਧਿਆ। ਸੁਖਪਾਲ ਖਹਿਰਾ ਨੇ ਸੀਐਮ ਭਗਵੰਤ ਮਾਨ ਨੇ 13-0 ਨਾਲ ਜਿੱਤ ਦੇ ਬਿਆਨ ਉੱਤੇ ਕਿਹਾ ਕਿ ਭਗਵੰਤ ਮਾਨ ਨੂੰ ਚੁਟਕਲੇ ਸੁਣਾਉਣ ਦੀ ਆਦਤ ਹੈ। ਖਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾ ਕੈਪਟਨ ਅਮਰਿੰਦਰ ਨੂੰ ਵੀਆਈਪੀ ਕਲਚਰ ਲੈ ਕੇ ਆਉਣ ਅਤੇ ਰਾਜੇ ਮਹਾਰਾਜੇ ਦੀ ਤਰ੍ਹਾਂ ਜ਼ਿੰਦਗੀ ਜਿਉਣ ਨੂੰ ਲੈ ਕੇ ਵਿਰੋਧੀ ਘੇਰਦੇ ਰਹੇ, ਪਰ ਹੁਣ ਆਪ (ਮਾਨ) ਸਰਕਾਰ ਜ਼ਿਆਦਾ ਵੀਆਈਪੀ ਕਲਚਰ ਲੈ ਕੇ ਆਈ ਹੈ। ਸੀਐਮ ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਇੱਕ ਹਜ਼ਾਰ ਤੋਂ ਜ਼ਿਆਦਾ ਗਨਮੈਨ ਹਨ। ਸਾਰਿਆਂ ਕੋਲ ਕਰੋੜਾਂ ਰੁਪਏ ਦੀਆਂ ਲਗਜ਼ਰੀ ਸਰਕਾਰੀ ਗੱਡੀਆਂ ਹਨ।