ਸ੍ਰੀ ਫਤਿਹਗੜ੍ਹ ਸਾਹਿਬ : ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਪਾਵਲਾ ਵਿੱਚ ਇੱਕੋ ਪਰਿਵਾਰ ਦੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ ਹੋਣ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਚੁੰਨੀ- ਮੋਹਾਲੀ ਰੋਡ ਜਾਮ ਕਰਕੇ ਧਰਨਾ ਲਗਾਇਆ ਹੈ। ਜਿਸ ਸਬੰਧੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਪਿੰਡ ਦੇ ਲੋਕਾਂ ਨੂੰ ਮਿਲਣ ਲਈ ਪਹੁੰਚੇ। ਜਿੱਥੇ ਉਨ੍ਹਾਂ ਨੇ ਨਸ਼ੇ ਦੇ ਵੱਧ ਰਹੇ ਪ੍ਰਭਾਵ ਬਾਰੇ ਪੁਲਿਸ ਨੂੰ ਜਾਣੂ ਕਰਵਾਇਆ। ਇਸ ਸਬੰਧੀ ਫ਼ਤਹਿਗੜ੍ਹ ਸਾਹਿਬ ਦੇ ਨਵੇਂ ਐਸਐਸਪੀ ਸੁਭਮ ਅਗਰਵਾਲ ਵੱਲੋਂ ਨਸ਼ੇ ਕਾਰਨ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਨੂੰ ਲੈਕੇ ਅਧਿਕਾਰੀਆਂ ਨੂੰ ਜਲਦੀ ਐਕਸ਼ਨ ਲੈਣ ਦੇ ਆਦੇਸ਼ ਜਾਰੀ ਕਰਨ ਤੋਂ ਬਾਅਦ ਧਰਨਾ ਹਟਾਇਆ ਗਿਆ ਹੈ।
ਨਸ਼ੇ ਦੀ ਓਵਰਡੋਜ ਨਾਲ ਮਰੇ ਇੱਕ ਹੀ ਪਰਿਵਾਰ ਦੇ ਦੋ ਨੌਜਵਾਨ
ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਹੁਣ ਤੱਕ ਚਾਰ ਤੋਂ ਪੰਜ ਮੌਤਾਂ ਨਸ਼ੇ ਦੇ ਕਾਰਨ ਹੋ ਚੁੱਕੀਆਂ ਹਨ। ਉੱਥੇ ਹੀ ਇੱਕ ਪਰਿਵਾਰ ਦੇ ਦੋ ਨੌਜਵਾਨ 15 ਦਿਨ ਦੇ ਵਿੱਚ-ਵਿੱਚ ਨਸ਼ੇ ਦੀ ਓਵਰਡੋਜ ਨਾਲ ਮਰ ਗਏ ਹਨ। ਲੋਕਾਂ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ੇ 'ਤੇ ਨੱਥ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਨੌਜਵਾਨਾਂ ਦੀਆਂ ਮੌਤਾਂ ਤੋਂ ਨਰਾਜ਼ ਪਿੰਡ ਵਾਸੀਆਂ ਨੇ ਚੰਡੀਗੜ੍ਹ-ਫ਼ਤਹਿਗੜ੍ਹ ਸਾਹਿਬ ਰੋਡ 'ਤੇ ਚੁੰਨੀ ਵਿਖੇ ਧਰਨਾ ਲੱਗਾ ਦਿੱਤਾ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਇਲਾਕਾ ਨਿਵਾਸੀਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ ਕੀਤੀ ਗਈ ਪਰ ਉਹ ਬੇ-ਨਤੀਜਾ ਰਹੀ।
ਐਸਐਸਪੀ ਵੱਲੋਂ ਜਲਦੀ ਐਕਸ਼ਨ ਲੈਣ ਦੇ ਆਦੇਸ਼ ਜਾਰੀ
ਜ਼ਿਕਰਯੋਗ ਹੈ ਕੀ ਇਲਾਕਾ ਨਿਵਾਸੀ ਪਿੰਡ ਵਿੱਚ ਨਸ਼ੇ ਦੀ ਤਸਕਰੀ ਤੋਂ ਪਰੇਸ਼ਾਨ ਸਨ ਅਤੇ ਇਸ ਦੌਰਾਨ ਇੱਕ ਹਫਤੇ 'ਚ ਇਕ ਪਰਿਵਾਰ ਦੇ ਦੋ ਨੌਜਵਾਨਾਂ ਦੀ ਨਸ਼ੇ ਦੇ ਨਾਲ ਮੌਤ ਹੋ ਗਈ। ਜਿਸ ‘ਤੇ ਇਲਾਕਾ ਨਿਵਾਸੀਆਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਫ਼ਤਹਿਗੜ੍ਹ ਸਾਹਿਬ ਦੇ ਨਵੇਂ ਐਸਐਸਪੀ ਸੁਭਮ ਅਗਰਵਾਲ ਵੱਲੋਂ ਨਸ਼ੇ ਕਾਰਨ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਸਬੰਧੀ ਅਧਿਕਾਰੀਆਂ ਨੂੰ ਜਲਦੀ ਐਕਸ਼ਨ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।