ਤਰਨਤਾਰਨ: ਜ਼ਿਲ੍ਹੇ ਵਿੱਚ ਆਏ ਦਿਨ ਹੀ ਫਿਰੌਤੀ ਮੰਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਲੈ ਕੇ ਤਰਨਤਾਰਨ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਇੱਕ ਹੀ ਦਿਨ ਵਿੱਚ ਤਰਨ ਤਰਨ ਪੁਲਿਸ ਵੱਲੋਂ ਦੋ ਗੈਂਗਸਟਰਾਂ ਦੇ ਚਾਰ ਗੁਰਗਿਆਂ ਨੂੰ ਵੱਖ-ਵੱਖ ਐਨਕਾਊਂਟਰਾਂ ਦੌਰਾਨ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਐਨਕਾਊਂਟਰ ਪਿੰਡ ਤੂਤ ਵਿਖੇ ਗਸ਼ਤ ਦੌਰਾਨ ਪੁਲਿਸ ਵੱਲੋਂ ਕੀਤਾ ਗਿਆ। ਜਿਸ ਵਿੱਚ ਪ੍ਰਭ ਦਾਸੂਵਾਲ ਗੈਂਗ ਦੇ ਤਿੰਨ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿੰਨਾਂ ਵਿੱਚ ਦੋ ਗੁਰਗਿਆਂ ਦੇ ਪੁਲਿਸ ਨਾਲ ਹੋਈ ਮੁੱਠਭੇੜ ਦੌਰਾਨ ਲੱਗੀ ਗੋਲੀ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਹਨ।
ਉੱਥੇ ਹੀ ਦੂਜਾ ਐਨਕਾਊਂਟਰ ਗੋਇੰਦਵਾਲ ਦੇ ਪਿੰਡ ਖਵਾਸਪੁਰ ਨਜ਼ਦੀਕ ਹੋਇਆ ਹੈ। ਜਿੱਥੇ ਤਰਨ ਤਰਨ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਤੇ ਇੱਕ ਨੌਜਵਾਨ ਮੋਟਰਸਾਈਕਲ ‘ਤੇ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਨੌਜਵਾਨ ਨੇ ਰੁਕਣ ਦੀ ਬਜਾਏ ਆਪਣਾ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਲਿੱਪ ਹੋ ਕੇ ਹੇਠਾਂ ਡਿੱਗ ਗਿਆ ਜਦੋਂ ਪੁਲਿਸ ਉਕਤ ਨੌਜਵਾਨ ਨੂੰ ਕਾਬੂ ਕਰਨ ਲਈ ਅੱਗੇ ਵਧੀ ਤਾਂ ਹੇਠਾਂ ਡਿੱਗੇ ਨੌਜਵਾਨ ਨੇ ਪੁਲਿਸ ‘ਤੇ ਹੀ ਫਾਇਰ ਕਰ ਦਿੱਤੇ। ਜਿਸ ਨੂੰ ਪੁਲਿਸ ਨੇ ਬਾਅਦ ‘ਚ ਕਾਬੂ ਕਰ ਲਿਆ। ਦੱਸ ਦਈਏ ਕਿ ਐਨਕਾਊਂਟਰ ਦੌਰਾਨ ਜ਼ਖਮੀ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਜਵਾਬੀ ਫਾਇਰਿੰਗ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐਸਪੀ ਗੋਇੰਦਵਾਲ ਸਾਹਿਬ ਅਤੁੱਲ ਸੋਨੀ ਨੇ ਦੱਸਿਆ ਕਿ ਪੁਲਿਸ ਵੱਲੋਂ ਅੱਜ ਖੁਵਾਸਪੁਰ ਪਿੰਡ ਨੇੜੇ ਡੰਡਿਆਂ ਵਾਲੇ ਪੁਲ 'ਤੇ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਮੂੰਹ ਬੰਨ੍ਹਿਆ ਹੋਇਆ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋਕੇ ਆਇਆ। ਜਿਸ ਨੂੰ ਨਾਕਾਬੰਦੀ ਦੌਰਾਨ ਰੋਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਪੁਲਿਸ 'ਤੇ ਫਾਇਰਿੰਗ ਕੀਤੀ ਗਈ ਸੀ ਅਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਉਸ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਖਮੀ ਬਦਮਾਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਟੀਮ ਵੱਲੋਂ ਸਾਰੀ ਜਾਂਚ ਕੀਤੀ ਜਾ ਰਹੀ ਹੈ।

ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ
ਡੀਐਸਪੀ ਸੋਨੀ ਨੇ ਦੱਸਿਆ ਕਿ ਬਦਮਾਸ਼ ਕੋਲੋਂ ਇਕ 32 ਬੋਰ ਦਾ ਪਿਸਤੌਲ ਅਤੇ ਕੁਝ ਰੌਂਦ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਹੈ। ਜਿਸ 'ਤੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਡੀਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਕਤ ਬਦਮਾਸ਼ ਗੈਂਗਸਟਰ ਲਖਬੀਰ ਲੰਡਾ ਗਿਰੋਹ ਨਾਲ ਸਬੰਧਤ ਹੈ।