ਬਠਿੰਡਾ:ਇਨੀਂ ਦਿਨੀਂ ਪੰਜਾਬ 'ਚ ਪੈ ਰਹੀ ਠੰਡ ਨੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਆਮ ਮਨੁੱਖ ਨੂੰ ਜਿੱਥੇ ਘਰ ਅੰਦਰ ਰਹਿ ਕੇ ਸਮਾਂ ਗੁਜ਼ਾਰਨਾ ਪੈ ਰਿਹਾ ਹੈ। ਉੱਥੇ ਹੀ ਸੜਕਾਂ 'ਤੇ ਵਿਜੀਬਿਲਟੀ ਬਿਲਕੁਲ ਹੀ ਘੱਟ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਜੇਕਰ ਖੇਤੀਬਾੜੀ ਵਿਭਾਗ ਵੱਲੋਂ ਪੈ ਰਹੀ ਠੰਡ ਨੂੰ ਫਸਲਾਂ ਵਾਸਤੇ ਲਾਹੇਵੰਦ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਵਾਰ ਕੋਰਾ ਨਾ ਪੈਣ ਕਾਰਨ ਫਸਲਾਂ ਦੇ ਝਾੜ ਵਿੱਚ ਚੰਗਾ ਇਜਾਫਾ ਹੋਣ ਦੇ ਆਸਾਰ ਹਨ। ਬਠਿੰਡਾ ਦੇ ਖੇਤੀਬਾੜੀ ਅਫਸਰ ਡਾਕਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਕੋਰਾ ਨਾ ਪੈਣ ਕਾਰਨ ਕਣਕ ਸਰੋਂ ਅਤੇ ਆਲੂ ਦੀ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਨੂੰ ਇਨਾਂ ਫਸਲਾਂ ਦੀ ਪੈਦਾਵਾਰ ਲਈ ਬਹੁਤ ਘੱਟ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪਵੇਗੀ।
ਠੰਡ ਦਾ ਫਸਲਾਂ 'ਤੇ ਪ੍ਰਭਾਵ (Etv Bharat (ਪੱਤਰਕਾਰ, ਬਠਿੰਡਾ)) ਗੁਲਾਬੀ ਸੁੰਡੀ ਤੋਂ ਮਿਲੇਗੀ ਰਾਹਤ
ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਨੂੰ ਵੀ ਠੱਲ੍ਹ ਪਵੇਗੀ ਕਿਉਂਕਿ ਠੰਡ ਵਧਣ ਨਾਲ ਗੁਲਾਬੀ ਸੁੰਡੀ ਸੁਸਤ ਅਵਸਥਾ ਵਿੱਚ ਚਲੀ ਜਾਂਦੀ ਹੈ ਅਤੇ ਫਸਲਾਂ ਦਾ ਨੁਕਸਾਨ ਘੱਟ ਜਾਂਦਾ ਹੈ। ਜੇਕਰ ਕੋਰਾ ਪੈਂਦਾ ਹੈ ਤਾਂ ਇਸ ਨਾਲ ਫਸਲਾਂ ਦੇ ਵਾਧੇ ਵਿੱਚ ਕਮੀ ਆਉਂਦੀ ਹੈ। ਸਭ ਤੋਂ ਵੱਧ ਆਲੂ ਅਤੇ ਸਰੋਂ ਦੀ ਫਸਲ ਪ੍ਰਭਾਵਿਤ ਹੁੰਦੀ ਹੈ। ਕਣਕ ਉੱਪਰ ਪੀਲੀ ਘੁੱਗੀ ਦਾ ਹਮਲਾ ਹੁੰਦਾ ਹੈ ਜਿਸ ਨਾਲ ਝਾੜ ਘੱਟ ਜਾਂਦਾ ਹੈ ਜੇਕਰ ਇਸ ਵਾਰ ਵੀ ਅਜਿਹਾ ਹੁੰਦਾ ਹੈ ਤਾਂ ਕਿਸਾਨ ਵੀਰਾਂ ਨੂੰ ਹਲਕਾ ਪਾਣੀ ਲਗਾਉਣਾ ਚਾਹੀਦਾ ਹੈ। ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੀਆਂ ਕੀ ਨਾਸ਼ਕ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਿਸਾਨਾਂ ਦਾ ਪੱਖ
ਉਧਰ ਦੂਸਰੇ ਪਾਸੇ ਪਿੰਡ ਨਰੂਆਣਾ ਵਿੱਚ ਸਬਜ਼ੀ ਦੇ ਕਾਸ਼ਤਕਾਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਠੰਡ ਕਾਰਨ ਸਬਜ਼ੀਆਂ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ ਵੇਲਾਂ ਸੁੰਗੜ ਰਹੀਆਂ ਹਨ। ਜਿਨਾਂ ਨੂੰ ਬਚਾਉਣ ਲਈ ਉਹਨਾਂ ਵੱਲੋਂ ਢੱਕ ਕੇ ਰੱਖਿਆ ਜਾ ਰਿਹਾ ਹੈ। ਭਾਵੇਂ ਖੇਤੀਬਾੜੀ ਵਿਭਾਗ ਵੱਲੋਂ ਉਹਨਾਂ ਨੂੰ ਸਮੇਂ-ਸਮੇਂ ਸਿਰ ਗਾਈਡ ਕੀਤਾ ਜਾਂਦਾ ਹੈ ਪਰ ਇਸ ਵਾਰ ਠੰਡ ਕੁਝ ਜਿਆਦਾ ਹੋਣ ਕਾਰਨ ਸਬਜ਼ੀਆਂ ਦੀ ਫਸਲ 'ਤੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।