ਅੰਮ੍ਰਿਤਸਰ: ਲੁਧਿਆਣਾ ਵਿੱਚ ਮਾਂ ਅਤੇ ਧੀਆਂ ਨਾਲ ਹੋਈ ਸ਼ਰਮਸਾਰ ਘਟਨਾ ਸੰਬਧੀ ਬਿਆਨ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਉੱਤੇ ਸਵਾਲ ਚੁੱਕੇ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅਫ਼ਗਾਨਿਸਤਾਨ ਨਾਲੋਂ ਵੀ ਵੱਧ ਮਾੜੇ ਹੋ ਰਹੇ ਹਨ। ਮਜੀਠੀਆ ਨੇ ਦੱਸਿਆ ਕਿ ਲੁਧਿਆਣਾ ਵਿੱਚ ਹੋਈ ਘਟਨਾ ਸ਼ਰਮਸਾਰ ਕਰਨ ਵਾਲੀ ਹੈ।
'ਲੋਕ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਰਹੇ, ਮੁੱਖ ਮੰਤਰੀ ਦਿੱਲੀ ਗੇੜਿਆਂ ਉੱਤੇ'
ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਤੰਜ ਕੱਸੇ। ਉਨ੍ਹਾਂ ਕਿਹਾ ਕਿ, 'ਪੰਜਾਬ ਦੇ ਮੁੱਖ ਮੰਤਰੀ ਕੋਲ ਸਿਵਾਏ ਦਿੱਲੀ ਵਿੱਚ ਗੇੜੇ ਦੇਣ ਤੋਂ ਜਾਂ ਬਾਹਰ ਦੇ ਸੈਰ-ਸਪਾਟੇ ਤੋਂ ਸਮਾਂ ਕੋਈ ਨਹੀਂ ਹੈ, ਜੋ ਲੁਧਿਆਣਾ ਵਿੱਚ ਇਹ ਸ਼ਰਮਨਾਕ ਹਰਕਤ ਹੋਈ ਹੈ, ਚਾਹੇ ਕਿਸੇ ਦੀ ਵੀ ਗਲਤੀ ਹੋਵੇ ਪਰ ਕਿਸੇ ਕੋਲ ਇਹ ਹੱਕ ਨਹੀਂ ਕਿ ਕਿਸੇ ਦਾ ਵੀ ਮੂੰਹ ਕਾਲਾ ਕਰਕੇ ਕਿਸੇ ਨੂੰ ਬੇਇਜ਼ਤ ਕਰੇ ਅਤੇ ਉਹ ਵੀ ਕੋਈ ਧੀ-ਭੈਣ ਹੋਵੇ, ਉਸ ਨਾਲ ਅਜਿਹਾ ਵਤੀਰਾ ਕਰਨਾ ਗ਼ਲਤ ਹੈ। ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਹਨ। ਇਸ ਤਰ੍ਹਾਂ ਤਾਂ ਹਾਲਾਤ ਹੋਰ ਵਿਗੜਨਗੇ।'
'ਪੰਜਾਬ ਦੇ ਹਲਾਤ ਗੰਭੀਰ'
ਬਿਕਰਮ ਮਜੀਠੀਆ ਨੇ ਕਿਹਾ ਕਿ, 'ਪੰਜਾਬ ਦੇ ਹਰ ਥਾਣੇ ਵਿੱਚ ਬਲਾਸਟ ਹੋਣੇ, ਅਟੈਕ ਹੋਣੇ, ਹਲਾਤ ਸਾਰੇ ਪੰਜਾਬ ਦੇ ਮਾੜੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਸਾਰੀ ਪੁਲਿਸ ਤਾਂ ਦਿੱਲੀ ਚੋਣਾਂ ਵਿੱਚ ਲਗਾ ਦਿੱਤੀ ਹੈ ਜਾਂ ਕਿਸੇ ਨੇਤਾਵਾਂ ਨਾਲ ਲਗਾ ਦਿੱਤੀ ਹੈ। ਪੰਜਾਬ ਦੇ ਥਾਣੇ ਖਾਲੀ ਹਨ ਤਾਂ ਲਾਅ ਐਂਡ ਆਰਡਰ ਨੂੰ ਕੌਣ ਫੋਰਸ ਕਰੇਗਾ। ਇਹ ਹਲਾਤ ਬੇਹੱਦ ਗੰਭੀਰ ਹਨ ਅਤੇ ਇਸ ਉੱਤੇ ਗੌਰ ਕੀਤਾ ਜਾਣਾ ਚਾਹੀਦਾ ਹੈ।'
ਇੱਕ ਔਰਤ, 3 ਧੀਆਂ ਦਾ ਫੈਕਟਰੀ ਮਾਲਕ ਨੇ ਕੀਤਾ ਮੂੰਹ ਕਾਲਾ ...
ਲੁਧਿਆਣਾ ਵਿੱਚ ਇੱਕ ਫੈਕਟਰੀ ਮਾਲਕ ਨੇ ਚੋਰੀ ਦੇ ਇਲਜ਼ਾਮ ਵਿੱਚ ਇੱਕ ਔਰਤ, ਉਸ ਦੀਆਂ ਤਿੰਨ ਧੀਆਂ ਅਤੇ ਇੱਕ ਨੌਜਵਾਨ ਦਾ ਮੂੰਹ ਕਾਲਾ ਕਰਕੇ ਘੁੰਮਾਇਆ। ਪੰਜਾਂ ਦੇ ਗਲਾਂ ਵਿੱਚ ਤਖ਼ਤੀਆਂ ਵੀ ਪਾਈਆਂ ਹੋਈਆਂ ਸਨ ਅਤੇ ਲਿਖਿਆ ਸੀ, 'ਮੈਂ ਚੋਰ ਹਾਂ, ਮੈਂ ਆਪਣਾ ਜੁਰਮ ਕਬੂਲ ਕਰ ਰਿਹਾ ਹਾਂ।' ਦੱਸ ਦਈਏ ਕਿ ਇਨ੍ਹਾਂ ਵਿੱਚੋਂ ਇਕ ਲੜਕੀ ਦਾ ਰਿਸ਼ਤਾ ਤੈਅ ਹੋ ਗਿਆ ਹੈ ਅਤੇ ਕੁਝ ਦਿਨਾਂ ਬਾਅਦ ਉਸ ਦਾ ਵਿਆਹ ਹੈ।
ਇਹ ਘਟਨਾ ਬਹਾਦੁਰ ਕੇ ਰੋਡ 'ਤੇ ਸਥਿਤ ਏਕਜੋਤ ਨਗਰ ਦੀ ਹੈ। ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕਾਂ ਨੇ ਵੀ ਪੀੜਤਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਨੌਜਵਾਨਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਪਿੱਛਾ ਵੀ ਕੀਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀ ਇਸ ਪੂਰੇ ਮਾਮਲੇ ਉੱਤੇ ਨੋਟਿਸ ਲਿਆ ਹੈ।