ਸਾਹਨੇਵਾਲ/ ਲੁਧਿਆਣਾ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿੱਤ ਦੇ ਦੋ ਸਾਲ ਬਾਅਦ ਇੱਕ ਵਾਰ ਫਿਰ ਵਲੰਟੀਅਰਾਂ ਦੇ ਵਿਚਾਲੇ ਪਹੁੰਚ ਰਹੇ ਹਨ। ਟੀਚਾ ਲੋਕ ਸਭਾ ਚੋਣਾਂ 2024 ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਗੇ ਦੇ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ, ਇਸ ਤੋਂ ਪਹਿਲਾਂ ਉਹਨਾਂ ਦਾ ਕਾਫਿਲਾ ਲੁਧਿਆਣੇ ਤੋਂ ਗੁਜ਼ਰਿਆ ਅਤੇ ਇਸ ਦੌਰਾਨ ਹੀ ਸਾਹਨੇਵਾਲ ਵਿਖੇ ਪਹੁੰਚਣ 'ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸੀ ਐਮ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਚੰਡੀਗੜ੍ਹ ਤੋਂ ਚੱਲੇ ਸਨ ਅਤੇ ਰਸਤੇ ਵਿੱਚ ਕਈ ਥਾਵਾਂ ਤੇ ਉਹਨਾਂ ਨੂੰ ਇਸੇ ਤਰ੍ਹਾਂ ਰੋਕ-ਰੋਕ ਕੇ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਸਵਾਗਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਰੋਡ 'ਤੇ ਹੀ ਪੰਜ ਮਿੰਟ 'ਆਪ' ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਦੇ ਲੋਕਾਂ ਨੇ ਹਮੇਸ਼ਾ ਪਿਆਰ ਤੇ ਸਤਿਕਾਰ ਬਖਸ਼ਿਆ ਹੈ ਅਤੇ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਇਹ ਲੋਕ ਪਹਿਲਾਂ ਵਾਂਗ 'ਆਪ' ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਮਾਣ ਵਧਾਉਣਗੇ