ਸੀਐਮ ਮਾਨ ਨੇ ਮੁੜ ਘੇਰਿਆ ਬਾਦਲਾਂ ਦਾ ਸੁੱਖ ਵਿਲਾਸ (ਈਟੀਵੀ ਭਾਰਤ (ਪੱਤਰਕਾਰ, ਮਾਨਸਾ)) ਮਾਨਸਾ:ਬੁਢਲਾਡਾ ਵਿਖੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ ਉੱਤੇ ਲਿਜਾਉਣ ਲਈ ਅਤੇ ਲੋਟੂ ਲੋਕਾਂ ਤੋਂ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਦੇ ਵਿੱਚ ਭੇਜਿਆ ਜਾਵੇ।
ਆਪ ਸਰਕਾਰ ਦੇ ਕੰਮ ਗਿਣਾਏ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਠਿੰਡਾ ਲੋਕ ਸਭਾ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਦੇ ਹੱਕ ਵਿੱਚ ਬੁਢਲਾਡਾ ਦੀ ਅਨਾਜ ਮੰਡੀ ਚੋਂ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਨੌਜਵਾਨਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਰੁਜ਼ਗਾਰ ਦਿੱਤਾ ਗਿਆ। ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਕਿਸਾਨਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲ ਕੀਤੀ ਹੈ।
ਅਕਾਲੀ ਦਲ ਉੱਤੇ ਨਿਸ਼ਾਨਾ:ਸੀਐਮ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਲੁੱਟਿਆ ਪੈਸੇ ਦੇ ਨਾਲ ਵੱਡੇ ਵੱਡੇ ਮਹਿਲ ਬਣਾਏ ਗਏ ਹਨ। ਫਾਈਵ ਸਟਾਰ ਹੋਟਲ ਬਣਾਏ ਗਏ ਹਨ, ਜਿਨ੍ਹਾਂ ਦਾ ਲੱਖਾਂ ਰੁਪਏ ਕਿਰਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਨੇ ਸਾਰੇ ਕਾਗਜ਼ਾਂ ਨੂੰ ਕੱਢਵਾ ਲਿਆ ਹੈ ਅਤੇ ਜਲਦ ਹੀ ਬੁਲਡੋਜ਼ਰ ਵੀ ਚਲਾਵਾਂਗੇ। ਇਨ੍ਹਾਂ ਦੇ ਵੱਡੇ ਹੋਟਲਾਂ ਨੂੰ ਸਰਕਾਰੀ ਸਕੂਲ ਬਣਾਵਾਂਗੇ।
ਪਹਾੜਾਂ ਵਿੱਚ ਬਹੁਤ ਵੱਡਾ ਹੋਟਲ ਬਣਿਆ ਹੋਇਆ ਇਨ੍ਹਾਂ ਦਾ, ਹੁਣ ਅਸੀਂ ਕੱਢ ਲਏ ਕਾਗਜ਼, ਰੱਬ ਸੁੱਖ ਰੱਖੇ, ਜੇਸੀਬੀ ਦਾ ਕਲੱਚ ਛੱਡ ਕੇ ਉਦਘਾਟਨ ਕਰੂੰਗਾ। ਇਹ ਮਹਿਲ ਢਾਹੁੰਦਾ ਨਹੀਂ, ਕਿਉਂਕਿ ਇੱਥੇ ਹਰ ਕਮਰੇ ਪਿੱਛੇ ਪੂਲ ਬਣਿਆ ਹੋਇਆ ਅਤੇ ਮੈਂ ਇੱਥੇ ਸਕੂਲ ਬਣਵਾ ਦਿਆਂਗਾ, ਨਾਲੇ ਨਾਅਰਾ ਵੀ ਸਹੀ ਬਣੂ - ਦੁਨੀਆ ਦਾ ਪਹਿਲਾਂ ਸਕੂਲ, ਜਿਹਦੇ ਹਰ ਕਮਰੇ ਪਿੱਛੇ ਪੂਲ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਹਰਸਿਮਰਤ ਬਾਦਲ ਉੱਤੇ ਤੰਜ:ਸੀਐਮ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਤੰਜ ਕਸਦੇ ਹੋਏ ਕਿਹਾ ਕਿ ਪਹਿਲਾਂ ਮੁਗਲਾਂ ਦੇ ਨਾਲ ਕਦੇ ਕਾਂਗਰਸ ਦੇ ਨਾਲ ਤੇ ਅੱਜ ਕੱਲ੍ਹ ਭਾਜਪਾ ਦੇ ਨਾਲ ਮਿਲੇ ਹੋਏ ਹਨ ਅਤੇ ਇਹ ਪੰਜਾਬ ਦੇ ਲੋਕਾਂ ਦੇ ਕਦੇ ਵੀ ਨਹੀਂ ਹੋਏ। ਉਨ੍ਹਾਂ ਕਿਹਾ ਕਿ ਨੰਨ੍ਹੀ ਛਾਂ ਦਾ ਡਰਾਮਾ ਕਰਨ ਵਾਲੀ ਹਰਸਿਮਰਤ ਕੌਰ ਬਾਦਲ ਔਰਤਾਂ ਦੇ ਨਾਲ ਚੁੰਨੀਆਂ ਵਟਾ ਕੇ ਲਏ ਜਾਂਦੀ ਸੀ, ਪਰ ਉਨ੍ਹਾਂ ਔਰਤਾਂ ਦੀਆਂ ਕਦੇ ਵੀ ਸਮੱਸਿਆਵਾਂ ਨਹੀਂ ਸੁਣੀਆਂ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 1 ਜੂਨ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾ ਕੇ ਸੰਸਦ ਦੇ ਵਿੱਚ ਵੀ ਬੋਲਣ ਦਾ ਮੌਕਾ ਦਿੱਤਾ ਜਾਵੇ।
ਪੁਰਾਣੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਮਿਲਣਗੀਆਂ:ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਇੰਡੀਆ ਗਠਜੋੜ ਦੀ 4 ਜੂਨ ਨੂੰ ਸਰਕਾਰ ਬਣ ਜਾਵੇਗੀ, ਤਾਂ ਪੁਰਾਣੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਵੀ ਦਿੱਤੀਆਂ ਜਾਣੀਆਂ ਅਤੇ ਮੁਲਾਜ਼ਮਾਂ ਦੇ ਨਾਲ ਖੁਦ ਮੀਟਿੰਗ ਵੀ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੌਜੀਆਂ ਦਾ ਵੀ ਸਾਡੀ ਸਰਕਾਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ।