ਬਰਨਾਲਾ: ਮਹਿੰਗਾਈ ਦੇ ਦੌਰ ਵਿੱਚ ਜਿੱਥੇ ਬੱਚਿਆਂ ਉਪਰ ਪੜ੍ਹਾਈ ਦਾ ਵੱਡਾ ਬੋਝ ਹੈ, ਉਥੇ ਬੱਚੇ ਧਾਰਮਿਕ ਅਤੇ ਦੁਨਿਆਵੀ ਗਿਆਨ ਤੋਂ ਵੀ ਵਾਂਝੇ ਰਹਿ ਰਹੇ ਹਨ। ਜਦਕਿ ਪੜ੍ਹਾਈ ਦੀ ਕੋਚਿੰਗ ਵਗੈਰਾ ਵੀ ਬਹੁਤ ਮਹਿੰਗੀ ਪੈ ਰਹੀ ਹੈ। ਇਸ ਸਾਰੀ ਸਮੱਸਿਆ ਦਾ ਬਰਨਾਲਾ ਜਿਲ੍ਹੇ ਦੇ ਪਿੰਡ ਦੀਵਾਨਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਹੱਲ ਕੱਢਿਆ ਹੈ। ਗੁਰਦੁਆਰਾ ਕਮੇਟੀ ਵਲੋਂ ਪਹਿਲਕਦਮੀ ਕਰਦਿਆਂ ਬੱਚਿਆਂ ਲਈ ਇੱਕ ਮੁਫ਼ਤਕ ਕੋਚਿੰਗ ਸੈਂਟਰ ਦੀ ਗੁਰਦੁਆਰਾ ਸਾਹਿਬ ਵਿੱਚ ਸ਼ੁਰੂਆਤ ਕੀਤੀ ਗਈ ਹੈ। ਜਿੱਥੇ ਬੱਚਿਆਂ ਨੂੰ ਮੁਫ਼ਤ ਸਕੂਲੀ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਅਤੇ ਦੁਨਿਆਵੀ ਵਿੱਦਿਆ ਦਾ ਗਿਆਨ ਵੀ ਦਿੱਤਾ ਜਾਵੇਗਾ। ਇੱਥੇ ਖਾਸ ਗੱਲ ਇਹ ਵੀ ਹੈ ਕਿ ਪਿੰਡ ਦੀਵਾਨਾ ਬਰਨਾਲਾ ਜਿਲ੍ਹੇ ਦਾ ਬਾਰਡਰ ਦਾ ਪਿੰਡ ਹੈ, ਜਿਸਨੂੰ ਨੇੜੇ ਕੋਈ ਵੀ ਸ਼ਹਿਰ ਨਹੀਂ ਲੱਗਦਾ ਅਤੇ ਬੱਚਿਆਂ ਨੂੰ ਕੋਚਿੰਗ ਲਈ ਕਈ ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਇਸ ਕੋਚਿੰਗ ਸੈਂਟਰ ਨਾਲ ਬੱਚਿਆਂ ਨੂੰ ਪਿੰਡ ਵਿੱਚ ਹੀ ਵੱਡੀ ਸੁਵਿਧਾ ਮਿਲਣ ਲੱਗੀ ਹੈ।
ਇਸ ਸਬੰਧੀ ਗੱਲਬਾਤ ਕਰਦਿਆ ਕਮੇਟੀ ਪ੍ਰਬੰਧਕਾਂ ਨੇ ਦੱਸਿਆ ਕਿ ਦੀਵਾਨਾ ਪਿੰਡ ਸ਼ਹਿਰਾਂ ਤੋਂ ਕਾਫੀ ਦੂਰ ਰਹਿ ਜਾਂਦਾ ਹੈ ਅਤੇ ਬੱਚਿਆਂ ਨੂੰ ਕੋਚਿੰਗ ਲੈਣ ਦੇ ਲਈ ਵੱਡੇ ਸ਼ਹਿਰਾਂ ਵੱਲ ਜਾਣਾ ਪੈਦਾ ਸੀ। ਜਿਸ ਉਪਰ ਬੱਚਿਆ ਦਾ ਸਮਾਂ ਅਤੇ ਪੈਸਾ ਜਿਆਦਾ ਖਰਚ ਹੁੰਦਾ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੇ ਲਈ ਇਹ ਕੋਚਿੰਗ ਸੈਂਟਰ ਸ਼ੁਰੂ ਕੀਤਾ ਗਿਆ ਹੈ ਜਿੱਥੇ ਬੱਚਿਆ ਨੂੰ ਮੁਫਤ ਵਿੱਚ ਵਧੀਆਂ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਬੱਚੇ ਇਸ ਕੋਚਿੰਗ ਸੈਂਟਰ ਵਿੱਚ ਆਉਣ ਵੀ ਲੱਗੇ ਹਨ। ਕੋਚਿੰਗ ਸੈਂਟਰ ਦਾ ਮਾਹੌਲ ਬਹੁਤ ਸ਼ਾਨਦਾਰ ਹੈ ਅਤੇ ਬੱਚੇ ਖੁਸ਼ੀ ਖੁਸ਼ੀ ਗਿਆਨ ਹਾਸਲ ਕਰ ਰਹੇ ਹਨ।
ਕਮੇਟੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੋਚਿੰਗ ਦੇ ਲਈ ਬਹੁਤ ਸਾਰੇ ਅਧਿਆਪਕਾਂ ਨੇ ਵੀ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਹਾਮੀ ਭਰੀ ਹੈ, ਜੋ ਇੱਥੇ ਬੱਚਿਆ ਨੂੰ ਬਿਨ੍ਹਾਂ ਕਿਸੇ ਤਨਖਾਹ ਦੇ ਕੋਚਿੰਗ ਦੇਣਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇੇਟੀ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਅਤੇ ਇਸ ਕੋਚਿੰਗ ਸੈਂਟਰ ਵਿੱਚ ਬੱਚਿਆਂ ਨੂੰ ਮਿਲਣ ਵਾਲੀਆਂ ਸਿੱਖਿਆ ਨਾਲ ਨਾ ਸਿਫਰ ਉਹ ਪੜਾਈ ਵਿੱਚ ਵਧੀਆ ਬਨਣਗੇ ਸਗੋਂ ਪੜਾਈ ਦੇ ਨਾਲ ਨਾਲ ਬੱਚਿਆ ਨੂੰ ਚੰਗੇ ਇਨਸਾਨ ਬਣਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ ਤਾਂ ਉਹ ਭਵਿੱਖ ਵਿੱਚ ਚੰਗੇ ਸਮਾਜ ਦਾ ਨਿਰਮਾਣ ਕਰਨ ਸਕਣ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਗੋਲਕ ਅਤੇ ਪ੍ਰਧਾਨਗੀ ਨੂੰ ਲੈ ਕੇ ਅਕਸਰ ਆਪਸੀ ਲੜਾਈ ਝਗੜੇ ਦੇ ਵੱਡੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਉੱਥੇ ਇਸਦੇ ਉਲਟ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚਿਆਂ ਲਈ ਮੁਫਤ ਕੋਚਿੰਗ ਸੈਂਟਰ ਸ਼ੁਰੂ ਕਰਕੇ ਇੱਕ ਵੱਖਰੀ ਤਰਹਾਂ ਦੀ ਮਿਸਾਲ ਪੈਦਾ ਕੀਤੀ ਹੈ। ਜਿਸ ਤੋਂ ਪੂਰੇ ਪੰਜਾਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੇਧ ਲੈਣ ਦੀ ਲੋੜ ਹੈ ਅਤੇ ਹਰ ਪਿੰਡ ਵਿੱਚ ਇਸ ਤਰ੍ਹਾਂ ਦੇ ਮੁਫ਼ਤ ਕੋਚਿੰਗ ਸੈਂਟਰ ਖੋਲੇ ਜਾਣ ਦੀ ਲੋੜ ਹੈ।