ਚੰਡੀਗੜ੍ਹ:ਮੁੱਖ ਮੰਤਰੀ ਮਾਨ ਦੀ ਸਿਹਤ ਨੂੰ ਲੈ ਕੇ ਹਰ ਕੋਈ ਚਿੰਤਾ ਹੈ। ਇਸੇ ਨੂੰ ਲੈ ਕੇ ਹੁਣ ਇੱਕ ਅਪਡੇਟ ਸਾਹਮਣੇ ਆਇਆ ਕਿ ਹਾਲੇ ਮੁੱਖ ਮੰਤਰੀ ਨੂੰ ਹਸਪਤਾਲ 'ਚ ਹੀ ਰੱਖਿਆ ਜਾਵੇਗਾ।ਡਾਕਟਰਾਂ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਧਮਣੀ ਵਿੱਚ ਸੋਜ ਹੈ। ਜਿਸ ਨਾਲ ਦਿਲ ਉੱਤੇ ਦਬਾਅ ਬਣ ਰਿਹਾ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ ਸ਼ੁਰੂ ਹੋ ਜਾਂਦਾ ਹੈ।
ਅੱਜ ਹੋਵੇਗਾ ਛੁੱਟੀ ਦਾ ਫੈਸਲਾ
ਡਾਕਟਰਾਂ ਮੁਤਾਬਿਕ ਕੁਝ ਹੋਰ ਜਾਂਚ ਹੋਣੀ ਬਾਕੀ ਹੈ ਅਤੇ ਕੁਝ ਹੋਰ ਖੂਨ ਦੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਇਸ ਲਈ ਫਿਲਹਾਲ ਰਾਤ ਭਰ ਮੁੱਖ ਮੰਤਰੀ ਨੂੰ ਡਾਕਟਰ ਆਪਣੀ ਦੇਖ-ਰੇਖ ‘ਚ ਰੱਖਣਗੇ ਅਤੇ ਅੱਜ ਸਵੇਰੇ ਰਿਪੋਰਟ ਦੇਖਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।
ਫੋਰਟਿਸ ਹਸਪਤਾਲ ‘ਚ ਦਾਖਲ ਨੇ ਮੁੱਖ ਮੰਤਰੀ
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਚੈਕਅੱਪ ਲਈ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮੁੱਖ ਮੰਤਰੀ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਹੈ।
ਮਜੀਠੀਆ ਦਾ ਵੱਡਾ ਦਾਅਵਾ
ਮਜੀਠੀਆ ਨੇ 'ਆਪ' ਤੋਂ ਮੁੱਖ ਮੰਤਰੀ ਮਾਨ ਦੀ ਸਿਹਤ ਬਾਰੇ ਹੋਰ ਸਪੱਸ਼ਟਤਾ ਮੰਗੀ ਅਤੇ ਭਗਵੰਤ ਮਾਨ ਦੀ ਸਿਹਤ ਬਾਰੇ ਗੰਭੀਰ ਦਾਅਵੇ ਕੀਤੇ। ਮਜੀਠੀਆ ਨੇ ਕਿਹਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਕੁਝ ਠੀਕ ਹੈ ਜਾਂ ਨਹੀਂ? ਇਸ ਮਾਮਲੇ ਵਿੱਚ ਪਾਰਦਰਸ਼ਤਾ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਸਿਹਤ ਬਾਰੇ ਜਾਣਨ ਦਾ ਅਧਿਕਾਰ ਹੈ।
ਮੁੱਖ ਮੰਤਰੀ ਲੀਵਰ ਸਿਰੋਸਿਸ ਤੋਂ ਪੀੜਤ-ਮਜੀਠੀਆ
ਮਜੀਠੀਆ ਨੇ ਆਪਣੇ ਐਕਸ ਉੱਤੇ ਅਪਲੋਡ ਕੀਤੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ, "ਤੱਥਾਂ ਨੂੰ ਛੁਪਾਇਆ ਜਾ ਰਿਹਾ ਹੈ। ਮੇਰੇ ਕੋਲ ਜਾਣਕਾਰੀ ਹੈ ਕਿ ਬੀਤੀ ਰਾਤ ਉਹ 2-3 ਵਾਰ ਬੇਹੋਸ਼ ਹੋਏ ਅਤੇ ਸਾਹ ਲੈਣ ਵਿੱਚ ਵੀ ਤਕਲੀਫ ਹੋਈ।" ਮਜੀਠੀਆ ਨੇ ਆਪਣੇ ਵੀਡੀਓ ਵਿੱਚ ਕਿਹਾ, "ਮੈਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਮੁੱਖ ਮੰਤਰੀ ਲੀਵਰ ਸਿਰੋਸਿਸ ਤੋਂ ਪੀੜਤ ਹਨ। ਉਨ੍ਹਾਂ ਨੂੰ ਆਪਣੀ ਹਾਲਤ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਲਿਵਰ ਟਰਾਂਸਪਲਾਂਟ ਹੀ ਇੱਕੋ ਇੱਕ ਵਿਕਲਪ ਹੋਵੇਗਾ। ਲਿਵਰ ਟਰਾਂਸਪਲਾਂਟ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਇਹ ਆਮ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ।"
ਫੋਰਟਿਸ ਹਸਪਤਾਲ ਨੂੰ ਮਜੀਠੀਆ ਦੀ ਅਪੀਲ
ਅਕਾਲੀ ਆਗੂ ਨੇ ਕਿਹਾ, ''ਇਹ ਜ਼ਿਆਦਾ ਸ਼ਰਾਬ ਪੀਣ ਅਤੇ ਲਿਵਰ ਦੇ ਠੀਕ ਨਾ ਹੋਣ ਕਾਰਨ ਹੋਇਆ ਹੈ, ਜਿਸ ਕਾਰਨ ਉਹ (ਮਾਨ) ਅਪੋਲੋ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ ਪਰ ਬੀਤੀ ਰਾਤ ਉਹ ਅਪੋਲੋ ਨਹੀਂ ਪਹੁੰਚ ਸਕੇ ਅਤੇ ਇਸ ਲਈ ਉਨ੍ਹਾਂ ਨੇ ਫੋਰਟਿਸ ਵਿਖੇ ਇਲਾਜ ਕਰਵਾਇਆ।" ਮਜੀਠੀਆ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ "ਮੈਂ ਫੋਰਟਿਸ ਹਸਪਤਾਲ ਨੂੰ ਅਪੀਲ ਕਰਾਂਗਾ ਕਿ ਉਹ ਗਲਤੀਆਂ ਨਾ ਦੁਹਰਾਉਣ ਅਤੇ ਜੋ ਜੈਲਲਿਤਾ ਨਾਲ ਤਾਮਿਲਨਾਡੂ ਵਿੱਚ ਹੋਇਆ ਉਹ ਪੰਜਾਬ ਵਿੱਚ ਨਾ ਹੋਣ ਦਿੱਤਾ ਜਾਵੇ।" ਉਨ੍ਹਾਂ ਨੇ ਕਿਹਾ ਕਿ, "ਇਸ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ... ਮੈਂ ਇੱਕ ਵਾਰ ਫਿਰ ਉਨ੍ਹਾਂ (ਸੀਐਮ ਮਾਨ) ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।"
ਕੁਝ ਦਿਨ ਪਹਿਲਾਂ ਵੀ ਹਸਪਤਾਲ ਭਰਤੀ ਹੋ ਚੁੱਕੇ ਸੀਐਮ ਮਾਨ
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਭਗਵੰਤ ਮਾਨ ਦੇ ਬੀਮਾਰ ਹੋਣ ਦਾ ਖੁਲਾਸਾ ਹੋਇਆ ਸੀ। ਇਹ ਵੀ ਦੱਸਿਆ ਗਿਆ ਕਿ ਉਸ ਨੂੰ ਵਾਪਸ ਦਿੱਲੀ ਲਿਜਾਇਆ ਜਾਣਾ ਸੀ। ਹਾਲਾਂਕਿ, ਮੁੱਖ ਮੰਤਰੀ ਦਫ਼ਤਰ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਜਿਸ ਤੋਂ ਬਾਅਦ ਬਠਿੰਡਾ 'ਚ ਰੈਲੀ ਦੌਰਾਨ ਸੀਐਮ ਮਾਨ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ, "ਜੇਕਰ ਮੈਂ ਚੱਲਦੇ ਹੋਏ ਜੁੱਤੀ ਦਾ ਫੀਤਾ ਬੰਨ੍ਹਣ ਬੈਠਦਾ ਹਾਂ ਤਾਂ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਡਿੱਗ ਗਿਆ ਹੈ। ਦੱਸੋ ਯਾਰੋ। ਮੈਂ ਇਸ ਤਰ੍ਹਾਂ ਨਹੀਂ ਬੈਠਾਂਗਾ, ਮੈਂ ਤੁਹਾਡੀਆਂ ਜੜ੍ਹਾਂ ਵਿੱਚ ਬੈਠਾਂਗਾ।"
ਸੀਐਮ ਨੇ ਕਿਹਾ ਕਿ,"ਇਹ ਤੁਹਾਡਾ ਪਿਆਰ ਹੈ। ਉਹ ਮੇਰੇ ਤੋਂ ਨਹੀਂ ਡਰਦੇ, ਉਹ ਤੁਹਾਡੇ ਤੋਂ ਡਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਲੋਕ ਇਸ ਦੇ ਨਾਲ ਹਨ।"
"ਸਿਹਤ ਦੀ ਜਾਣਕਾਰੀ ਪਾਰਦਰਸ਼ੀ ਰੱਖਣੀ ਚਾਹੀਦੀ"
ਕਾਬਿਲੇਗੌਰ ਹੈ ਕਿ ਅੱਜ ਸੀਐਮ ਮਾਨ ਦੀ ਸਿਹਤ ਸਬੰਧੀ ਤਾਜ਼ਾ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਮੁੜ ਅਕਾਲੀ ਦਲ ਨੇਤਾ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਉੱਤੇ ਤੰਜ ਕੱਸਿਆ ਹੈ।
ਜਾਣਕਾਰੀ ਮੁਤਾਬਕ @BhagwantMann ਜੀ ਨੂੰ Chronic liver disease! Lung effusion ! High lung pressure and right heart stress ਹੈ! ਦਾਸ @bhagwantmann ਦੀ ਸਿਹਤ ਦੀ ਕਾਮਨਾ ਕਰਦਾ ਹੈ!
CM ਦੀ ਸਿਹਤ ਨਾਲ ਖਿਲਵਾੜ ਨਹੀ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ CM ਸੰਵਧਾਨਿਕ ਅਹੁਦੇ ਤੇ ਜਨਤਾ ਦੇ ਨੁਮਾਇੰਦੇ ਹਨ! ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਪਾਰਦਰਸ਼ੀ ਰੱਖਣੀ ਚਾਹੀਦੀ ਹੈ। - ਬਿਕਰਮ ਮਜੀਠੀਆ, ਅਕਾਲੀ ਦਲ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਿਕਰਮ ਮਜੀਠੀਆ ਨੇ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਸੀ ਕਿ, "ਹੁਣ ਜੋ ਕੋਈ ਵੀ ਭਗਵੰਤ ਮਾਨ ਦੇ ਖਿਲਾਫ ਬੋਲਦਾ ਹੈ, ਉਸ ਉੱਤੇ ਕਾਰਵਾਈ ਤਾਂ ਨਿਸ਼ਚਿਤ ਹੀ ਹੁੰਦੀ ਹੈ। ਅੱਜ ਮੈਂ ਜੋ ਵੀ ਭਗਵੰਤ ਮਾਨ ਬਾਰੇ ਬੋਲ ਰਿਹਾ, ਤਾਂ ਮੇਰੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ, ਪਰ ਮੈਂ ਪਿੱਛੇ ਹੱਟਣ ਵਾਲਾ ਨਹੀਂ, ਮੈਂ ਡਰਦਾ ਨਹੀਂ , ਕਿਉਂਕਿ ਮੈਂ ਸੱਚ ਬੋਲਦਾ ਹਾਂ। ਹੋ ਸਕਦਾ ਮੇਰੇ ਕਹਿਣ ਉੱਤੇ ਭਗਵੰਤ ਮਾਨ ਥੋੜਾ ਸੁਧਰ ਜਾਵੇ, ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ। ਜੇ ਮੈਂ ਫਿਕਰ ਕਰਦੇ ਹੋਏ ਵੀ ਇਹ ਕਹਿ ਦਿੱਤਾ ਹੈ, ਭਗਵੰਤ ਮਾਨ ਨੂੰ ਇੰਨੇ ਪੈਗ ਨਹੀਂ ਲਾਉਣੇ ਚਾਹੀਦੇ, ਤਾਂ ਮੇਰੇ ਕਾਰਵਾਈ ਹੋ ਸਕਦੀ ਹੈ।"