ਚੰਡੀਗੜ੍ਹ/ਫ਼ਿਰੋਜ਼ਪੁਰ: ਪੰਜਾਬ ਤੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੀਵਰੇਜ ਟਰੀਟਮੈਂਟ ਪਲਾਂਟ ਤਲਵੰਡੀ ਭਾਈ ਅਤੇ ਜ਼ੀਰਾ ਵਿਖੇ ਕ੍ਰਮਵਾਰ 4 ਅਤੇ 8 ਐਮ.ਐਲ.ਡੀ. ਦੀ ਸਮਰੱਥਾ ਵਾਲੇ ਸੋਧੇ (ਟ੍ਰੀਟਿਡ) ਪਾਣੀ ਆਧਾਰਤ ਸਿੰਜਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਕੁੱਲ 4.45 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਦੋਵੇਂ ਪ੍ਰਾਜੈਕਟਾਂ ਨਾਲ ਪੰਜ ਪਿੰਡਾਂ ਦੇ 360 ਕਿਸਾਨ ਪਰਿਵਾਰ ਦੀ 556 ਹੈਕਟੇਅਰ ਖੇਤੀਬਾੜੀ ਜ਼ਮੀਨ ਨੂੰ ਲਾਭ ਮਿਲੇਗਾ।
ਕਿਸਾਨ ਭਾਈਚਾਰੇ ਨੂੰ ਹਰ ਸੰਭਵ ਸਹਾਇਤਾ: ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਦੇ ਕਿਸਾਨ ਭਾਈਚਾਰੇ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਕਿਸਾਨਾਂ ਦੇ ਖੇਤਾਂ ਵਿੱਚ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਆਧਾਰਤ ਖਾਲਾਂ ਨੂੰ ਬਹਾਲ ਕਰਨ ਦੀ ਮੁਹਿੰਮ ਤਹਿਤ ਲਗਭਗ 14000 ਤੋਂ ਵੱਧ ਖਾਲ ਬਹਾਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਵੱਲੋਂ ਪਿਛਲੇ 2 ਸਾਲਾਂ ਵਿੱਚ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਘਟਾਉਣ ਲਈ ਨਹਿਰੀ ਪਾਣੀ ਆਧਾਰਤ ਸਿੰਜਾਈ ਸਹੂਲਤਾਂ ਨੂੰ ਉਤਸ਼ਾਹਤ ਕਰਨ ਨੂੰ ਵੱਡਾ ਬੱਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿੰਜਾਈ ਲਈ ਸੋਧੇ ਪਾਣੀ ਦੀ ਵਰਤੋਂ ਵੀ, ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਾਂਗ ਇੱਕ ਅਹਿਮ ਕਦਮ ਹੈ ਕਿਉਂਕਿ ਇਹ ਪਾਣੀ ਪਹਿਲਾਂ ਡਰੇਨਾਂ ਵਿੱਚ ਜਾਂਦਾ ਸੀ, ਜਦਕਿ ਹੁਣ ਖੇਤੀਬਾੜੀ ਵਿੱਚ ਵਰਤਿਆ ਜਾ ਸਕੇਗਾ।
ਸੋਧੇ ਪਾਣੀ ਦੀ ਵਰਤੋਂ ਨਾਲ ਖੇਤੀ:ਰਾਜ ਦੇ ਸੋਧੇ (ਟ੍ਰੀਟਿਡ) ਵਾਟਰ ਪ੍ਰੋਗਰਾਮ 'ਤੇ ਜ਼ੋਰ ਦਿੰਦੇ ਹੋਏ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਹੁਣ ਤੱਕ ਰਾਜ ਵਿੱਚ 60 ਐਸ.ਟੀ.ਪੀਜ਼ ਤੋਂ 340 ਐਮ.ਐਲ.ਡੀ ਸੋਧੇ ਪਾਣੀ ਦੀ ਵਰਤੋਂ ਕਰਕੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਲਗਭਗ 11000 ਹੈਕਟੇਅਰ ਖੇਤੀਬਾੜੀ ਰਕਬੇ ਨੂੰ ਫਾਇਦਾ ਹੋ ਰਿਹਾ ਹੈ ਅਤੇ ਅਗਲੇ ਫਸਲੀ ਸੀਜ਼ਨ ਤੱਕ ਸੋਧੇ ਪਾਣੀ ਦੀ ਵਰਤੋਂ 600 ਐਮ.ਐਲ.ਡੀ ਤੱਕ ਵਧਾ ਦਿੱਤੀ ਜਾਵੇਗੀ ਜਿਸ ਨਾਲ 25000 ਹੈਕਟੇਅਰ ਤੋਂ ਵੱਧ ਖੇਤੀਯੋਗ ਜ਼ਮੀਨ ਨੂੰ ਲਾਭ ਹੋਵੇਗਾ।
ਸਿੰਜਾਈ ਦੀਆਂ ਬਿਹਤਰ ਤਕਨੀਕਾਂ: ਉਨਾਂ ਕਿਹਾ ਕਿ ਖੇਤੀਬਾੜੀ ਲਈ ਸੰਗਠਿਤ ਤਰੀਕੇ ਨਾਲ ਟ੍ਰੀਟਿਡ ਪਾਣੀ ਦੀ ਵਰਤੋਂ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਅਤੇ ਹੁਣ ਹੋਰ ਸੂਬੇ ਵੀ ਅਜਿਹੇ ਪ੍ਰੋਗਰਾਮ ਲਾਗੂ ਕਰਨਾ ਸ਼ੁਰੂ ਕਰ ਰਹੇ ਹਨ। ਇਨ੍ਹਾਂ ਪ੍ਰੋਜੈਕਟਾਂ ਦੇ ਲਾਭਪਾਤਰੀ ਕਿਸਾਨ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪਾਣੀ ਦੀ ਹਰ ਬੂੰਦ ਨੂੰ ਸਮਝਦਾਰੀ ਨਾਲ ਵਰਤਣ ਅਤੇ ਸਿੰਜਾਈ ਦੀਆਂ ਬਿਹਤਰ ਤਕਨੀਕਾਂ ਅਪਣਾਉਣ ਦਾ ਸੱਦਾ ਦਿੱਤਾ ਕਿਉਂਕਿ ਖੇਤੀਬਾੜੀ, ਜਲ ਸਰੋਤਾਂ ਦਾ ਮੁੱਖ ਖਪਤਕਾਰ ਹੈ।