"ਮੈਂ ਸੁਦਾਮਾ ਬਣ ਕੇ ਆਇਆ, ਤੁਸੀਂ ਮੈਨੂੰ ਗੋਦ ਲੈ ਲਓ" ਅੰਮ੍ਰਿਤਸਰ:ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਨੀਵਾਰ ਦੇਰ ਰਾਤ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਆਪਣੇ 6 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਿਸ ਦੇ ਚੱਲਦੇ ਅੱਜ ਸਵੇਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਪੁੱਜੇ।
ਮੈਂ ਜਲੰਧਰ ਦਾ 'ਸੁਦਾਮਾ': ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੁਆਬੇ ਤੋਂ ਜਲੰਧਰ ਸੀਟ ਤੋਂ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਸ ਦੇ ਚੱਲਦੇ ਗੁਰੂ ਘਰ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਆਇਆ। ਉਨ੍ਹਾਂ ਕਿਹਾ ਕੀ ਮੈਨੂੰ ਵਾਹਿਗੁਰੂ ਨੇ ਦੁਆਬੇ ਵਿੱਚ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਨੂੰ ਇਹ ਮਾਣ ਬਖਸ਼ਿਆ ਹੈ ਤੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੈਂ ਤੁਹਾਡੀ ਆਸ ਉੱਤੇ ਖਰਾ ਉਤਰਾਂਗਾ। ਉਨ੍ਹਾਂ ਕਿਹਾ ਕਿ ਮੈਂ ਦੁਆਬੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੈਂ ਸੁਦਾਮਾ ਬਣ ਕੇ ਤੁਹਾਡੇ ਕੋਲ ਆਇਆ ਹਾਂ ਤੇ ਤੁਸੀਂ ਕ੍ਰਿਸ਼ਨ ਬਣ ਕੇ ਮੇਰਾ ਸਾਥ ਦਿਓ।
ਚਮਕੌਰ ਸਾਹਿਬ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ : ਚਰਨਜੀਤ ਸਿੰਘ ਕਿਹਾ ਕਿ ਲੋਕਾਂ ਨੇ ਚਮਕੌਰ ਸਾਹਿਬ ਤੋਂ ਮੈਨੂੰ ਆਜ਼ਾਦ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀ ਤੇ ਅੱਜ ਉਹ ਇਲਾਕਾ ਪੰਜਾਬ ਵਿੱਚ ਨੰਬਰ ਇੱਕ ਉੱਤੇ ਦਿਖਾਈ ਦਿੰਦਾ ਹੈ, ਜਿਹੜਾ ਕਿ ਕਿਸੇ ਸਮੇਂ ਉੱਤੇ ਪਿਛੜਿਆ ਹੋਇਆ ਇਲਾਕਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ, ਉੱਥੇ ਜਾ ਕੇ ਵੀ ਮੈਂ ਲੋਕਾਂ ਦੀ ਸੇਵਾ ਕੀਤੀ ਅੱਜ ਵੀ ਚਮਕੌਰ ਸਾਹਿਬ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ।
ਤੁਸੀਂ ਮੈਨੂੰ ਗੋਦ ਲੈ ਲਓ: ਚੰਨੀ ਨੇ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਵਿੱਚ ਗਲਿਆਰਾ ਬਣਿਆ ਹੈ, ਉਸ ਤਰ੍ਹਾਂ ਹੀ ਚਮਕੌਰ ਸਾਹਿਬ ਵਿਖੇ ਵੀ ਇਸ ਤਰ੍ਹਾਂ ਦਾ ਹੀ ਗਲਿਆਰਾ ਬਣਿਆ ਚਮਕੌਰ ਸਾਹਿਬ ਵਿੱਚ ਵੀ ਸ਼ਹੀਦਾਂ ਦੀ ਯਾਦ ਵਿੱਚ ਇੱਕ ਅਜੂਬਾ ਬਣਾਇਆ ਗਿਆ ਹੈ। ਚੰਨੀ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਕੋਈ ਅਜਿਹੀ ਸੜਕ ਨਹੀਂ ਜਿਹੜੀ ਕੱਚੀ ਰਹਿ ਗਈ ਹੋਵੇ। ਉਨ੍ਹਾਂ ਕਿਹਾ ਕਿ ਸਾਰੀਆਂ ਸੜਕਾਂ ਪੱਕੀਆਂ ਬਣਾ ਦਿੱਤੀਆਂ ਹਨ। ਉੱਥੇ ਸਿੱਖਿਆ ਦੇ ਲਈ ਵਧੀਆ ਵਧੀਆ ਕਾਲਜ ਬਣ ਰਹੇ ਹਨ। ਉਹੀ ਚੀਜ਼ਾਂ ਲੈ ਕੇ ਮੈਂ ਜਲੰਧਰ ਵਿੱਚ ਜਾ ਰਿਹਾ ਹਾਂ ਤੇ ਜਲੰਧਰ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਤੁਸੀਂ ਮੈਨੂੰ ਇੱਕ ਵਾਰ ਗੋਦ ਲੈ ਲਓ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਹੀ ਸਾਡੇ ਜਠੇਰੇ ਹਨ ਤੇ ਜਲੰਧਰ ਵਿੱਚ ਹੀ ਸਾਡੇ ਬਜ਼ੁਰਗ ਰਹਿੰਦੇ ਰਹੇ ਹਨ। ਸੋ, ਅੱਜ ਮੈਂ ਉਸੇ ਆਪਣੇ ਬਜ਼ੁਰਗਾਂ ਦੀ ਧਰਤੀ ਤੇ ਜਾ ਰਿਹਾ ਹਾਂ ਤੇ ਮੈਂ ਨੂੰ ਉਹ ਧਰਤੀ ਪਿਆਰ ਨਿਵਾਜੇ ਤੇ ਮੈਂ ਉਨ੍ਹਾਂ ਦੀ ਸੇਵਾ ਕਰ ਸਕਾਂ।
ਆਪ ਉੱਤੇ ਤੰਜ: ਚੰਨੀ ਨੇ ਆਮ ਆਦਮੀ ਪਾਰਟੀ ਦੇ ਤੰਜ ਕਸਦੇ ਹੋਏ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਪਹਿਲਾਂ ਆਈ ਸੀ ਉਹ ਲੋਕਾਂ ਵਿੱਚ ਇੱਕ ਭੁਲੇਖਾ ਇਨਕਲਾਬ ਦਾ ਲੈ ਕੇ ਆਈ ਸੀ, ਪਰ ਉਹ ਇਨਕਲਾਬ ਪਤਾ ਨਹੀਂ ਕਿਹੜੀ ਹਵਾ ਦੇ ਵਿੱਚ ਰੁੜ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਦਾ ਪਹਿਲਾ ਚਿਹਰਾ ਹੁੰਦਾ ਸੀ, ਅੱਜ ਉਹ ਚਿਹਰਾ ਕੁਝ ਹੋਰ ਬਣ ਗਿਆ ਹੈ, ਉਹ ਚਿਹਰਾ ਮੁਰਝਾ ਆ ਗਿਆ ਹੈ। ਉਨ੍ਹਾਂ ਕੋਲ ਹੁਣ ਈਡੀ ਦੀ ਲੜਾਈ ਹੈ, ਪੰਜਾਬ ਦੀ ਭਵਿੱਖ ਦੀ ਲੜਾਈ ਨਹੀਂ ਹੈ।
ਸੀਐਮ ਮਾਨ ਉੱਤੇ ਸਾਧਿਆ ਨਿਸ਼ਾਨਾ:ਚੰਨੀ ਨੇ ਕਿਹਾ ਕੀ ਜਿਹੜਾ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਖ਼ਤਮ ਕਰਨ ਦੀ ਸਾਜਿਸ਼ਾਂ ਰਚ ਰਿਹਾ ਹੈ। ਕਿਸਾਨਾਂ ਉੱਤੇ ਗੋਲੀਆਂ ਚੱਲੀਆਂ ਕਿਸਾਨ ਸ਼ਹੀਦ ਹੋਏ ਕਿਸਾਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਜੇਲ੍ਹਾਂ ਵਿੱਚ ਡਕਿਆ ਹੈ, ਅੱਜ ਉਸ ਮੁੱਖ ਮੰਤਰੀ ਨੂੰ ਸਬਕ ਸਿਖਾਉਣ ਦਾ ਮੌਕਾ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਕੇਂਦਰ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਜਿਹੜੇ ਪੰਜਾਬ ਦੇ ਵਿਰੋਧੀ ਹਨ, ਅੱਜ ਉਨ੍ਹਾਂ ਨੂੰ ਪਛਾਣਨ ਦੀ ਲੋੜ ਹੈ। ਚੰਨੀ ਨੇ ਕਿਹਾ ਕਿ ਪੰਜਾਬ ਦੀ ਹੋਂਦ ਦੀ ਲੜਾਈ ਹੈ ਅਸੀ ਅੱਗੇ ਹੋਕੇ ਲੜਾਗੇ।