ਬਿਆਸ/ਅੰਮ੍ਰਿਤਸਰ: ਜਦੋਂ ਵੀ ਚੋਣਾਂ ਦਾ ਮਾਹੌਲ ਬਣਿਆ ਹੈ, ਸਿਆਸੀ ਨੇਤਾਵਾਂ ਵਲੋਂ ਸਿਆਸੀ ਰੈਲੀਆਂ ਸਣੇ ਧਾਰਮਿਕ ਤੇ ਹੋਰ ਸੰਸਥਾਨਾਂ ਦਾ ਵੀ ਰੁਖ਼ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਅਤੇ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਲਈ ਪੁੱਜੇ। ਜਾਣਕਾਰੀ ਅਨੁਸਾਰ ਇਸ ਦੌਰਾਨ ਉਹ ਡੇਰਾ ਬਿਆਸ ਮੁਖੀ ਨੂੰ ਮਿਲੇ ਅਤੇ ਕਰੀਬ ਇੱਕ ਘੰਟਾ ਡੇਰਾ ਬਿਆਸ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਆਪਣੇ ਕਾਫ਼ਲੇ ਸਣੇ ਵਾਪਸ ਰਵਾਨਾ ਹੋ ਗਏ। ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਹਨ ਮਨੀਸ਼ ਤਿਵਾੜੀ: ਚੰਡੀਗੜ੍ਹ ਲੋਕ ਸਭਾ ਸੀਟ ਲਈ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਭਾਜਪਾ ਦੇ ਸੰਜੇ ਟੰਡਨ ਨੂੰ ਚੋਣ ਮੈਦਾਨ ਵਿੱਚ ਸਖ਼ਤ ਮੁਕਾਬਲਾ ਦਿੰਦੇ ਨਜ਼ਰ ਆਉਣਗੇ।
ਨਿੱਜੀ ਜਿੰਦਗੀ :ਮਨੀਸ਼ ਤਿਵਾੜੀ ਦਾ ਜਨਮ 8 ਦਸੰਬਰ 1965 ਵਿੱਚ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ ਜੋ, ਸਿਆਸੀ ਨੇਤਾ ਤੇ ਪੇਸ਼ੇ ਵਜੋਂ ਵਕੀਲ ਰਹੇ ਹਨ। ਉਨ੍ਹਾਂ ਦੇ ਪਿਤਾ ਵੀ.ਐਨ. ਤਿਵਾੜੀ ਪੰਜਾਬੀ ਭਾਸ਼ਾ ਦੇ ਲੇਖਕ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਅਤੇ ਉਨ੍ਹਾਂ ਦੀ ਮਾਂ, ਅੰਮ੍ਰਿਤ ਤਿਵਾੜੀ, ਦੰਦਾਂ ਦੇ ਡਾਕਟਰ ਸਨ। ਮਨੀਸ਼ ਤਿਵਾੜੀ ਦੇ ਨਾਨਾ ਸਰਦਾਰ ਤੀਰਥ ਸਿੰਘ ਪੰਜਾਬ ਰਾਜ ਦੀ ਕਾਂਗਰਸ ਸਰਕਾਰ ਵਿੱਚ ਇੱਕ ਵਕੀਲ ਅਤੇ ਮੰਤਰੀ ਰਹੇ ਸਨ।
ਮਨੀਸ਼ ਤਿਵਾਰੀ ਨੇ ਮਾਰਚ 1996 ਵਿੱਚ ਇੱਕ ਪਾਰਸੀ ਕੁੜੀ ਨਾਜ਼ਨੀਨ ਸ਼ਿਫਾ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੀ ਇੱਕ ਧੀ ਹੈ ਜਿਸ ਦਾ ਨਾਮ ਇਨਕਾ ਤਿਵਾੜੀ ਹੈ। ਤਿਵਾੜੀ, ਪੇਸ਼ੇ ਵਜੋਂ ਵਕੀਲ ਹਨ, ਵਰਤਮਾਨ ਸਮੇਂ ਵਿੱਚ ਭਾਰਤ ਦੀ ਸੁਪਰੀਮ ਕੋਰਟ ਅਤੇ ਦਿੱਲੀ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੀਆਂ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਹਨ।