ਲੁਧਿਆਣਾ:ਪੰਜਾਬ 'ਚ ਲਗਾਤਾਰ ਅਪਰਾਧ ਵਧ ਰਿਹਾ ਹੈ ਉਥੇ ਹੀਲੁਧਿਆਣਾ ਦੇ ਵਿੱਚ ਵੀ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸ਼ਰੇਆਮ ਹੋ ਰਹੀਆਂ ਹਨ। ਇਸ ਦੀ ਤਾਜ਼ਾ ਉਦਾਹਰਨ ਅੱਜ ਸਵੇਰੇ ਉਦੋਂ ਵੇਖਣ ਨੂੰ ਮਿਲੀ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਹਮਣੇ ਬਾਈ ਜੀ ਕੋਟਿੰਗ ਦੇ ਮਾਲਿਕ ਤੋਂ ਮੋਟਰਸਾਈਕਲ 'ਤੇ ਆਏ ਲੁਟੇਰੇ ਨੇ ਚੇਨ ਖੋਹ ਲਈ ਅਤੇ ਫਰਾਰ ਹੋ ਗਿਆ। ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਦੁਕਾਨ ਮਾਲਿਕ ਆਪਣੀ ਦੁਕਾਨ ਦੇ ਬਾਹਰ ਸਫਾਈ ਕਰ ਰਿਹਾ ਸੀ। ਇਸ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮੌਕੇ 'ਤੇ ਦੋ ਮੋਟਰਸਾਈਕਲ ਸਵਾਰ ਆਏ ਤੇ ਉਹਨਾਂ ਨੇ ਦੁਕਾਨਦਾਰ ਦੇ ਗਲੇ ਦੇ ਵਿੱਚ ਪਾਈ ਸੋਨੇ ਦੀ ਚੈਨ ਖੋਹ ਲਈ ਅਤੇ ਫਰਾਰ ਹੋ ਗਏ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਦੁਕਾਨ ਦੇ ਬਾਹਰ ਹੋਈ ਲੁੱਟ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਕੇਵਲ ਸਿੰਘ ਗਰੇਵਾਲ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਅੱਜ ਉਹ ਦੁਕਾਨ ਦੇ ਬਾਹਰ ਸਫਾਈ ਕਰ ਰਹੇ ਸਨ ਤਾਂ ਦੋ ਮੋਟਰਸਾਈਕਲ ਸਵਾਰ ਆਏ ਅਤੇ ਉਹਨਾਂ ਵਿੱਚੋਂ ਇੱਕ ਨੇ ਉਤਰ ਕੇ ਉਹਨਾਂ ਦੀ ਚੇਨ ਸਨੈਚ ਕਰ ਲਈ। ਉਹਨੇ ਕਿਹਾ ਪਹਿਲਾਂ ਤਾਂ ਉਹ ਅੱਗੇ ਲੰਘ ਗਏ ਸਨ ਪਰ ਉਹਨਾਂ ਨੂੰ ਵੇਖ ਕੇ ਪਿੱਛੇ ਵਾਪਿਸ ਆਏ ਅਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ।