ਪੰਜਾਬ

punjab

ETV Bharat / state

ਪੰਜਾਬ ਵਿੱਚ ਵੱਧ ਰਹੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ, ਪ੍ਰਦੂਸ਼ਣ ਦਾ ਵਧਿਆ ਪੱਧਰ; ਕਿਸਾਨਾਂ ਨੇ ਕਿਹਾ- ਇਕੱਲੇ ਕਿਸਾਨ ਨਹੀਂ ਜ਼ਿੰਮੇਵਾਰ - STUBBLE BURNING IN PUNJAB

ਇੱਕ ਪਾਸੇ ਪਰਾਲੀ ਨੂੰ ਅੱਗ ਲਾਉੇਣ ਦੇ ਮਾਮਲੇ ਤਾਂ ਉਥੇ ਹੀ ਦੂਜੇ ਪਾਸੇ ਵੱਧ ਰਿਹਾ ਪ੍ਰਦੂਸ਼ਣ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ। ਪੜ੍ਹੋ ਖ਼ਬਰ...

ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ
ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ (ETV BHARAT)

By ETV Bharat Punjabi Team

Published : Nov 17, 2024, 12:37 PM IST

ਲੁਧਿਆਣਾ: ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲਾਤ ਇਹ ਹੋ ਚੁੱਕੇ ਹਨ ਕਿ ਪ੍ਰਦੂਸ਼ਣ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣਾ ਵੀ ਔਖਾ ਹੋ ਚੁੱਕਾ ਹੈ। ਮਾਹਿਰ ਇਸ ਲਈ ਕਿਸਾਨਾਂ ਦੀ ਪਰਾਲੀ ਅਤੇ ਪਟਾਕਿਆਂ ਨੂੰ ਜਿੰਮੇਵਾਰ ਦੱਸ ਰਹੇ ਹਨ। ਜੇਕਰ ਰਿਮੋਟ ਸੈਂਸਿੰਗ ਵਿਭਾਗ ਵੱਲੋਂ ਬੀਤੇ ਦਿਨ ਤੱਕ ਦੇ ਜਾਰੀ ਕੀਤੇ ਗਏ ਆਂਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਪਰਾਲੀ ਨੂੰ ਅੱਗ ਲਾਉਣ ਦੇ ਪੰਜਾਬ ਦੇ ਅੰਦਰ ਇਸ ਸੀਜ਼ਨ 'ਚ 7864 ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਜ਼ਿਆਦਾ ਮਾਮਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੁਦ ਦੇ ਸੰਸਦੀ ਹਲਕੇ ਦੇ ਵਿੱਚ ਹਨ। ਸੰਗਰੂਰ ਦੇ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਪਰਾਲੀ ਨੂੰ ਅੱਗ ਲਾਉਣ ਦੇ 1507 ਮਾਮਲੇ ਸਾਹਮਣੇ ਆਏ ਹਨ।

ਕੁੱਲ ਕਿੰਨੇ ਮਾਮਲੇ ਆਏ ਸਾਹਮਣੇ

15 ਨਵੰਬਰ 2024 ਤੱਕ ਦੇ ਜੇਕਰ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 7864 ਪਰਾਲੀ ਨੂੰ ਅੱਗ ਲਾਉਣ ਦੇ ਪੰਜਾਬ ਦੇ ਵਿੱਚ ਮਾਮਲੇ ਆ ਚੁੱਕੇ ਹਨ। ਜਿਨਾਂ ਵਿੱਚ ਸਭ ਤੋਂ ਜਿਆਦਾ ਮਾਮਲੇ ਸੰਗਰੂਰ ਦੇ ਵਿੱਚ 1507 ਹਨ। ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ 955, ਤਰਨ ਤਾਰਨ ਦੇ ਵਿੱਚ 701 ਮਾਮਲੇ, ਅੰਮ੍ਰਿਤਸਰ ਦੇ ਵਿੱਚ 652, ਬਠਿੰਡਾ ਦੇ ਵਿੱਚ 465, ਮਾਨਸਾ ਦੇ ਵਿੱਚ 506, ਪਟਿਆਲਾ ਦੇ ਵਿੱਚ 515, ਫਰੀਦਕੋਟ ਦੇ ਵਿੱਚ 351, ਕਪੂਰਥਲਾ ਦੇ ਵਿੱਚ 299, ਮੁਕਤਸਰ ਦੇ ਵਿੱਚ 364, ਮੋਗਾ ਦੇ ਵਿੱਚ 398, ਮਲੇਰਕੋਟਲਾ ਵਿੱਚ 135, ਰੂਪਨਗਰ ਦੇ ਵਿੱਚ 10, ਹੁਸ਼ਿਆਰਪੁਰ ਦੇ ਵਿੱਚ 22 ਅਤੇ ਲੁਧਿਆਣਾ ਦੇ ਵਿੱਚ 182 ਮਾਮਲੇ ਸਾਹਮਣੇ ਆਏ ਹਨ। ਇਹ ਅੰਕੜੇ 15 ਨਵੰਬਰ 2024 ਤੱਕ ਦੇ ਹਨ। ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਵਿੱਚ 40, ਨਵਾਂਸ਼ਹਿਰ ਦੇ ਵਿੱਚ 27, ਪਠਾਨਕੋਟ ਦੇ ਵਿੱਚ 2, ਜਲੰਧਰ ਦੇ ਵਿੱਚ 94 ਮਾਮਲੇ ਪਰਾਲੀ ਨੂੰ ਅੱਗ ਲਾਉਣ ਦੇ ਆਏ ਹਨ।

ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ (ETV BHARAT)

ਕਿਸਾਨਾਂ ਦਾ ਇਸ 'ਤੇ ਕੀ ਕਹਿਣਾ

ਇਸ ਸੰਬੰਧੀ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਕਿਹਾ ਕਿ ਪਰਾਲੀ ਦੇ ਲਈ ਸਰਕਾਰ ਹੀ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਝੋਨਾ ਪੰਜਾਬ ਦੀ ਫਸਲ ਨਹੀਂ ਹੈ, ਸਾਨੂੰ ਝੋਨਾ ਲਾਉਣ ਲਈ ਮਜਬੂਰ ਕੀਤਾ ਗਿਆ। ਅਸੀਂ ਨਹੀਂ ਚਾਹੁੰਦੇ ਸਨ ਕਿ ਪੰਜਾਬ ਦੇ ਵਿੱਚ ਝੋਨਾ ਲਗਾਇਆ ਜਾਵੇ, ਜੋ ਪਾਣੀ ਡੂੰਘੇ ਹੋ ਰਹੇ ਹਨ, ਜੋ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ, ਇਹ ਸਰਕਾਰ ਦੀ ਨੀਤੀ ਹੈ। ਸਰਕਾਰ ਨੇ ਹੀ ਸਾਨੂੰ ਬੀਜ ਮੁਹੱਈਆ ਕਰਵਾਏ ਅਤੇ ਸਰਕਾਰ ਨੇ ਹੀਂ ਖਾਦ ਮੁਹੱਈਆ ਕਰਵਾਈ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਨਹੀਂ ਚਾਹੁੰਦੇ ਕਿ ਉਹ ਝੋਨਾ ਲਾਉਣ ਪਰ ਉਹਨਾਂ ਦੀ ਮਜਬੂਰੀ ਹੈ।

ਇਕੱਲਾ ਕਿਸਾਨ ਹੀ ਜ਼ਿੰਮੇਵਾਰ ਨਹੀਂ

ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਥੇ ਪ੍ਰਦੂਸ਼ਣ ਲਈ ਪਰਾਲੀ ਨੂੰ ਦੋਸ਼ ਦਿੱਤਾ ਜਾ ਰਿਹਾ ਤਾਂ ਉਥੇ ਹੀ ਜੋ ਗੱਡੀਆਂ ਦਾ ਧੂੰਆ ਹੋ ਰਿਹਾ, ਪਟਾਕਿਆਂ ਦਾ ਧੂੰਆਂ ਹੋ ਰਿਹਾ ਤੇ ਫੈਕਟਰੀਆਂ ਵੀ ਜਿੰਮੇਵਾਰ ਹਨ। ਜਦੋਂ ਕਿ ਇਕੱਲਾ ਕਿਸਾਨ ਨੂੰ ਇਸ ਲਈ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਕਿਹਾ ਕਿ ਇਹ ਜਾਣਬੁਝ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਝੋਨੇ ਦੀ ਥਾਂ 'ਤੇ ਬਾਜਰਾ, ਮੱਕੀ ਆਦਿ ਲਾਉਂਦੇ ਹੁੰਦੇ ਸਨ।

ਕਣਕ ਬਿਜਾਈ ਦਾ ਸਮਾਂ ਘੱਟ ਤੇ ਨਹੀਂ ਵਿਕ ਰਹੀ ਫਸਲ

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਤੋਂ ਅਸੀਂ 200 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਸੀ, ਪਰ ਉਹ ਨਹੀਂ ਦਿੱਤਾ ਗਿਆ ਅਤੇ ਹੁਣ ਮੰਡੀਆਂ ਦੇ ਵਿੱਚ ਵੀ ਕਿਸਾਨ ਦੀ ਫਸਲ ਨਹੀਂ ਚੁੱਕੀ ਜਾ ਰਹੀ। ਉਨ੍ਹਾਂ ਕਿਹਾ ਕਿ ਕਿਸਾਨ ਕੋਲ ਕਣਕ ਬੀਜਣ ਲਈ ਸਮਾਂ ਘੱਟ ਹੈ ਤੇ ਹੁਣ ਮਜਬੂਰੀ ਵਸ ਅੱਗ ਹੀ ਲਾਉਣੀ ਪਏਗੀ। ਉਹਨਾਂ ਕਿਹਾ ਕਿ ਸਰਕਾਰ ਵੀ ਖੁਦ ਇਹ ਜਾਣਦੀ ਹੈ ਕਿ ਕਿਸਾਨਾਂ ਕੋਲ ਕੋਈ ਹੱਲ ਨਹੀਂ ਕਿਉਂਕਿ ਮਸ਼ੀਨਰੀ ਛੋਟੇ ਕਿਸਾਨ ਨਹੀਂ ਲੈ ਸਕਦੇ, ਜਦਕਿ 62 ਫੀਸਦੀ ਪੰਜਾਬ ਦੇ ਵਿੱਚ ਛੋਟੇ ਕਿਸਾਨ ਹਨ।

ਮੰਤਰੀ ਨੇ ਨਹੀਂ ਦਿੱਤਾ ਕੋਈ ਜਵਾਬ

ਹਾਲਾਂਕਿ ਇਸ ਸਬੰਧੀ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਜੱਦੀ ਪਿੰਡ ਪਹੁੰਚੇ ਹੋਏ ਸਨ, ਜਦੋਂ ਉਹਨਾਂ ਨੂੰ ਪੱਤਰਕਾਰਾਂ ਵੱਲੋਂ ਪਰਾਲੀ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਮੌਜੂਦਾ ਪ੍ਰੋਗਰਾਮ ਬਾਰੇ ਹੀ ਗੱਲਬਾਤ ਕਰਨਗੇ, ਇੰਨਾ ਕਹਿੰਦੇ ਹੋਏ ਉਹ ਚਲੇ ਗਏ।

ਉੱਥੇ ਹੀ ਦੂਜੇ ਪਾਸੇ ਹਾਲੇ ਤੱਕ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਵੱਡੇ ਪੱਧਰ ਤੇ ਵਿਕਣ ਲਈ ਪਈ ਹੈ। ਕਿਸਾਨਾਂ ਦਾ ਕਹਿਣਾ ਕਿ ਹੁਣ ਕਣਕ ਬੀਜਣ ਦਾ ਸਮਾਂ ਥੋੜਾ ਹੀ ਰਹਿ ਗਿਆ ਹੈ। ਇਹੀ ਕਾਰਨ ਹੈ ਕਿ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੇ ਵਿੱਚ ਇਜਾਫਾ ਹੋ ਰਿਹਾ ਹੈ।

ABOUT THE AUTHOR

...view details