ਬਰਨਾਲਾ: ਤਪਾ ਮੰਡੀ ਦੇ ਤਹਿਸੀਲਦਾਰ ਨੂੰ ਰਿਸ਼ਵਤ ਕੇਸ ਵਿੱਚ ਗ੍ਰਿਫ਼ਤਾਰ ਕਰਨ ਦਾ ਮਾਮਲਾ ਭਖ਼ ਗਿਆ ਹੈ। ਪੰਜਾਬ ਰੈਵਿਨੀਓ ਐਸੋਸੀਏਸ਼ਨ ਵਲੋਂ ਵਿਜੀਲੈਂਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਬਰਨਾਲਾ ਵਿਖੇ ਵਿਜੀਲੈਂਸ ਦੀ ਕਾਰਵਾਈ ਵਿਰੁੱਧ ਪੰਜਾਬ ਭਰ ਦੇ ਮਾਲ ਅਫ਼ਸਰਾਂ ਨੇ ਧਰਨਾ ਦਿੱਤਾ। ਅੱਜ ਪੰਜਾਬ ਭਰ ਦੀਆਂ ਤਹਿਸੀਲਾਂ ਬੰਦ ਕਰਕੇ ਮਾਲ ਅਧਿਕਾਰੀਆਂ ਵਲੋਂ ਸਾਮੂਹਿਕ ਤੌਰ ਤੇ ਛੁੱਟੀ ਲਈ ਗਈ ਹੈ। ਧਰਨਾਕਾਰੀ ਤਹਿਸੀਲਦਾਰ ਸੁਖਚਰਨਪ੍ਰੀਤ ਸਿੰਘ ਵਿਰੁੱਧ ਦਰਜ ਕੇਸ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਤਹਿਸੀਲਦਾਰ ਵਿਰੁੱਧ ਕਾਰਵਾਈ ਦਾ ਪੰਜਾਬ ਮਾਲ ਅਧਿਕਾਰੀਆਂ ਵਲੋਂ ਵਿਰੋਧ (ETV Bharat (ਬਰਨਾਲਾ, ਪੱਤਰਕਾਰ)) ਪੰਜਾਬ ਦੇ ਸਮੂਹ ਮਾਲ ਅਫ਼ਸਰਾਂ ਵਿੱਚ ਰੋਸ
ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀ ਮਾਲ ਅਫ਼ਸਰਾਂ ਨੇ ਕਿਹਾ ਕਿ ਬੀਤੇ ਕੱਲ੍ਹ ਤਪਾ ਮੰਡੀ ਵਿਖੇ ਡਿਊਟੀ ਦੇ ਰਹੇ ਤਹਿਸੀਲਦਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਤੇ ਤਪਾ ਦੇ ਤਹਿਸੀਲਦਾਰ ਸੁਖਚਰਨਪ੍ਰੀਤ ਸਿੰਘ ਨੂੰ ਵਿਜੀਲੈਂਸ ਵਲੋਂ ਝੂਠਾ ਕੇਸ ਬਣਾ ਕੇ ਰਿਸ਼ਵਤ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵਿਭਾਗ ਦੀ ਇਸ ਧੱਕੇਸ਼ਾਹੀ ਵਿਰੁੱਧ ਪੰਜਾਬ ਦੇ ਸਮੂਹ ਮਾਲ ਅਫ਼ਸਰਾਂ ਵਿੱਚ ਰੋਸ ਹੈ। ਜਿਸ ਕਰਕੇ ਅੱਜ ਬਰਨਾਲਾ ਵਿਖੇ ਵਿਜੀਲੈਂਸ ਦੇ ਡੀਐਸਪੀ ਦੇ ਦਫ਼ਤਰ ਅੱਗੇ ਪੰਜਾਬ ਭਰ ਦੇ ਮਾਲ ਅਫ਼ਸਰ ਧਰਨਾ ਦੇਣ ਪੁੱਜੇ ਹਨ। ਉਹਨਾਂ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਮਾਲ ਅਫ਼ਸਰ ਸਾਮੂਹਿਕ ਛੁੱਟੀ 'ਤੇ ਹਨ ਅਤੇ ਸਮੁੱਚੇ ਪੰਜਾਬ ਵਿੱਚ ਤਹਿਸੀਲਾਂ ਬੰਦ ਹਨ।
ਤਹਿਸੀਲਦਾਰ ਵਿਰੁੱਧ ਕਾਰਵਾਈ ਦਾ ਪੰਜਾਬ ਮਾਲ ਅਧਿਕਾਰੀਆਂ ਵਲੋਂ ਵਿਰੋਧ (ETV Bharat) ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰਨ ਤੋਂ ਅਸਰਮੱਥ
ਉਹਨਾਂ ਕਿਹਾ ਕਿ ਪੰਜਾਬ ਦੇ ਮਾਲ ਅਫ਼ਸਰਾਂ ਦੀਆਂ ਮੰਗਾਂ ਨੂੰ ਲੈ ਕੇ ਸੁਖਚਰਨਪ੍ਰੀਤ ਸਿੰਘ ਲੰਬੇ ਸਮੇਂ ਤੋਂ ਮਾਲ ਅਫ਼ਸਰਾਂ ਦੀ ਅਗਵਾਈ ਕਰਦੇ ਆ ਰਹੇ ਸਨ ਅਤੇ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰਨ ਤੋਂ ਅਸਰਮੱਥ ਜਾਪ ਰਹੀ ਹੈ। ਜਿਸ ਕਰਕੇ ਸਰਕਾਰ ਨੇ ਇੱਕ ਤਰੀਕੇ ਨਾਲ ਇਹ ਝੂਠਾ ਕੇਸ ਸਾਡੀ ਜੱਥੇਬੰਦੀ ਦੇ ਪ੍ਰਧਾਨ ਉਪਰ ਕੀਤਾ ਹੈ। ਉਹਨਾਂ ਕਿਹਾ ਕਿ ਜਿਸ ਕੇਸ ਵਿੱਚ ਸੁਖਚਰਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਇੱਕ ਸਿੰਪਲ ਰਜਿਸਟਰੀ ਦਾ ਕੇਸ ਸੀ। ਪ੍ਰੰਤੂ ਸਾਜਿਸ਼ ਰਚ ਕੇ ਉਹਨਾਂ ਨੂੰ ਵਿਜੀਲੈਂਸ ਨੇ ਝੂਠਾ ਕੇਸ ਬਣਾ ਕੇ ਗਿਫ਼ਾਰ ਕੀਤਾ ਹੈ। ਜਿਸਨੂੰ ਉਹਨਾਂ ਦੀ ਜੱਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਕੱਲ੍ਹ ਤੋਂ ਉਹ ਮੰਗ ਕਰ ਰਹੇ ਹਨ ਕਿ ਸੁਖਚਰਨਪ੍ਰੀਤ ਸਿੰਘ ਨੂੰ ਮਿਲਾਇਆ ਜਾਵੇ, ਪ੍ਰੰਤੂ ਅਜੇ ਤੱਕ ਉਹਨਾਂ ਨੂੰ ਮਿਲਾਇਆ ਤੱਕ ਨਹੀਂ ਗਿਆ। ਜੇਕਰ ਸਰਕਾਰ ਨੇ ਇਸ ਝੂਠੇ ਕੇਸ ਨੂੰ ਰੱਦ ਨਾ ਕੀਤਾ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ। ਜਿਸ ਲਈ ਵਿਜੀਲੈਂਸ ਵਿਭਾਗ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।
ਡੀਐਸਪੀ ਲਵਪ੍ਰੀਤ ਸਿੰਘ ਦਾ ਪੱਖ
ਇਸ ਮੌਕੇ ਵਿਜੀਲੈਂਸ ਦੇ ਡੀਐਸਪੀ ਲਵਪ੍ਰੀਤ ਸਿੰਘ ਨੇ ਕਿਹਾ ਕਿ ਵਿਜੀਲੈਂਸ ਨੇ ਪੂਰੀ ਕਾਨੂੰਨੀ ਪ੍ਰਕਿਰਿਆ ਤਹਿਤ ਹੀ ਤਹਿਸੀਲਦਾਰ ਤਪਾ ਨੂੰ ਰੰਗੇ ਹੱਥ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਮਾਲ ਅਫ਼ਸਰਾਂ ਦੀ ਹੜਤਾਲ ਬਾਰੇ ਉਹਨਾਂ ਨੂੰ ਵੱਖ ਵੱਖ ਸਰੋਤਾਂ ਤੋਂ ਹੀ ਪਤਾ ਲੱਗਿਆ ਹੈ। ਉਹਨਾਂ ਕਿਹਾ ਕਿ ੳਹ ਆਪਣਾ ਕੰਮ ਕਰ ਰਹੇ ਹਨ ਅਤੇ ਐਫ਼ਆਈਆਰ ਦਰਜ ਕਰਕੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਡੀ ਜਾਂਚ ਨੂੰ ਪੂਰੀ ਨਿਰਪੱਖਤਾ ਨਾਲ ਅਦਾਲਤ ਅੱਗੇ ਰੱਖਿਆ ਜਾਵੇਗਾ।