ਅੰਮ੍ਰਿਤਸਰ : ਲੋਕ ਸਭਾ ਚੋਣਾਂ 2024 ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲੀ ਹਾਰ ਤੋਂ ਬਾਅਦ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਈ ਜੁਝਾਰੂ ਲੀਡਰ ਵੀ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਤੋਂ ਇਨ੍ਹਾਂ ਪਿਆਰ ਦਿਖਾਇਆ ਗਿਆ।
ਮੋਦੀ ਸਰਕਾਰ ਨੂੰ ਥੱਲੇ ਸੁੱਟਣ ਦਾ ਨਾਰਾ: ਉਨ੍ਹਾਂ ਕਿਹਾ ਕਿ 2 ਸਾਲ ਦੇ ਗ੍ਰਾਫ਼ ਵਿੱਚ ਪਾਰਟੀਆਂ ਦਾ ਮਿਆਰ ਬਹੁਤ ਉੱਚਾ ਹੋਇਆ ਹੈ। 2019 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੰਨੀ ਵੋਟ ਨਹੀਂ ਸੀ ਮਿਲੀ ਜਿੰਨੀ ਵੋਟ ਇਸ ਵਾਰ ਮਿਲੀ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੋ ਅੰਮ੍ਰਿਤਸਰ ਵਿੱਚ ਗੰਦੇ ਨਾਲੇ ਦਾ ਮੁੱਦਾ ਸੀ, ਉਸ ਦੇ ਉੱਤੇ ਉਹ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨਾਲ ਮਿਲ ਕੇ ਕੰਮ ਕਰਨਗੇ ਅਤੇ ਲੋੜ ਪਈ ਤਾਂ ਮੁੱਖ ਮੰਤਰੀ ਪੰਜਾਬ ਨੂੰ ਨਾਲ ਲੈ ਕੇ ਦਿੱਲੀ ਤੱਕ ਵੀ ਜਾਣਗੇ। ਉਨ੍ਹਾਂ ਕਿਹਾ ਕਿ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ 13-0 ਦਾ ਨਾਅਰਾ ਦਿੱਤਾ ਗਿਆ ਸੀ ਉਹ ਨਾਰਾ ਸਿਰਫ ਮੋਦੀ ਸਰਕਾਰ ਦੇ ਖਿਲਾਫ ਸੀ ਅਤੇ ਮੋਦੀ ਸਰਕਾਰ ਨੂੰ ਥੱਲੇ ਸੁੱਟਣ ਦਾ ਨਾਰਾ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਬਹੁਤ ਕੁਝ ਵੰਡਿਆ ਹੈ ਅਤੇ ਆਮ ਆਦਮੀ ਪਾਰਟੀ ਨੇ ਨਾ ਸ਼ਰਾਬ ਵੰਡੀ ਹੈ ਨਾ ਹੀ ਪੈਸੇ ਵੰਡੇ ਹਨ। ਸਿਰਫ ਵਿਕਾਸ ਦੇ ਆਧਾਰ 'ਤੇ ਵੋਟ ਮੰਗੀ ਸੀ, ਆਖਿਰ ਵਿੱਚ ਉਨ੍ਹਾਂ ਨੇ ਕਿਹਾ ਕਿ 13-0 ਨਾਰਾ ਫੇਲ੍ਹ ਨਹੀਂ ਹੋਇਆ ਸਿਰਫ਼ ਮੋਦੀ ਸਰਕਾਰ ਹੀ ਫੇਲ੍ਹ ਹੋਈ ਹੈ।