ਅੰਮ੍ਰਿਤਸਰ:ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀਆਂ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਸ ਏਜੰਟ ਨੇ 60 ਲੱਖ ਰੁਪਏ ਲੈ ਕੇ ਗਲਤ ਤਰੀਕੇ ਨਾਲ ਦਲੇਰ ਸਿੰਘ ਨੂੰ ਵਿਦੇਸ਼ ਭੇਜਿਆ ਸੀ। ਉਸ ਫਰਜ਼ੀ ਟਰੈਵਲ ਏਜੰਟ ਸਤਨਾਮ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੇ ਦਫ਼ਤਰ ਨੂੰ ਵੀ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਵੀ ਲੋਕ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਨ, ਉਹ ਸਾਹਮਣੇ ਆਉਣ,ਪਤਾ ਲੱਗਣ ਉੱਤੇ ਹਰ ਫਰਜ਼ੀ ਏਜੰਟ ਖ਼ਿਲਾਫ਼ ਐਕਸ਼ਨ ਹੋਵੇਗਾ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਵਿਦੇਸ਼ ਜਾ ਕੇ ਹੀ ਤਰੱਕੀ ਨਹੀਂ ਸਗੋਂ ਇੱਥੇ ਰਹਿ ਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ। ਲੋਕ ਆਪਣੇ ਬੱਚਿਆਂ ਨੂੰ ਪਹਿਲਾਂ ਪੜਾਉਣ, ਫਿਰ ਹੀ ਸਹੀ ਤਰੀਕੇ ਵਿਦੇਸ਼ ਭੇਜਣ।
'ਕੇਂਦਰ ਦੀ ਕੋਝੀ ਚਾਲ'
ਮੰਤਰੀ ਧਾਲੀਵਾਲ ਮੁਤਾਬਿਕ ਕੇਂਦਰ ਸਰਕਾਰ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਚਾਲ ਸੀ ਜਿਸ ਕਰਕੇ ਉਨ੍ਹਾਂ ਨੇ ਜਾਣਬੁੱਝ ਕੇ ਜਹਾਜ਼ ਨੂੰ ਅੰਮ੍ਰਿਤਸਰ ਭੇਜਿਆ ਪਰ ਜਹਾਜ਼ ਨੂੰ ਦਿੱਲੀ ਉਤਰਨਾ ਚਾਹੀਦਾ ਸੀ, ਦਿੱਲੀ ਹੀ ਵੱਡਾ ਇੰਟਰਨੈਸ਼ਨਲ ਏਅਰਪੋਰਟ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਆਪਣਾ ਜਹਾਜ਼ ਭੇਜਦੇ ਅਤੇ ਆਪਣੇ ਭਾਰਤੀਆਂ ਨੂੰ ਵਾਪਸ ਲੈ ਕੇ ਆਉਂਦੇ ਇਸ ਤਰੀਕੇ ਦੇਸ਼ ਦੇ ਨਾਗਰਿਕਾਂ ਨੂੰ ਜਹਾਜ਼ ਵਿੱਚ ਭੇਜਣਾ ਸਵੀਕਾਰਨਯੋਗ ਨਹੀਂ ਹੈ।