ਸਰਪੰਚੀਆਂ ਦੀਆਂ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣਾਂ 'ਤੇ ਸਭ ਦੀਆਂ ਨਜ਼ਰਾਂ ਹਨ।ਇਹਨਾਂ ਚੋਣਾਂ 'ਚ ਸਾਰੀ ਪਾਰਟੀਆਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਸੀਨੀਅਰ ਆਗੂਆਂ 'ਤੇ ਦਾਅ ਖੇਡਿਆ ਗਿਆ ਹੈ। ਹਾਲਾਂਕਿ ਭਾਜਪਾ ਵੱਲੋਂ ਜ਼ਿਆਦਾਤਰ ਉਮੀਦਵਾਰ ਕਾਂਗਰਸ ਜਾਂ ਫਿਰ ਅਕਾਲੀ ਦਲ ਤੋਂ ਆਏ ਹੋਏ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਵੀ ਕਾਂਗਰਸ ਅਤੇ ਅਕਾਲੀ ਦਲ ਦੇ ਸਾਬਕਾ ਉਮੀਦਵਾਰਾਂ ਨੂੰ ਚੋਣ ਮੈਦਾਨ ਚੋਂ ਉਤਾਰਿਆ ਗਿਆ ਹੈ। ਚਾਰ ਵਿਧਾਨ ਸਭਾ ਹਲਕਿਆਂ ਦੀ ਇਹ ਜ਼ਿਮਨੀ ਚੋਣਾਂ ਆਗਾਮੀ ਨਗਰ ਨਿਗਮ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਦੇ ਰੂਪ 'ਚ ਵੇਖੀਆਂ ਜਾ ਰਹੀਆਂ ਹਨ।
ਗਿੱਦੜਬਾਹਾ ਸੀਟ
ਸਭ ਤੋਂ ਹੌਟ ਸੀਟ ਮੰਨੀ ਜਾਂਦੀ ਗਿੱਦੜਬਾਹਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋ, ਭਾਜਪਾ ਵੱਲੋਂ ਮਨਪ੍ਰੀਤ ਬਾਦਲ, ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿੱਚ ਹਨ। ਡਿੰਪੀ ਢਿੱਲੋ ਹਾਲ ਹੀ 'ਚ ਅਕਾਲੀ ਦਲ ਛੱਡ ਕੇ 'ਆਪ' ਚ ਸ਼ਾਮਿਲ ਹੋਏ ਹਨ। ਉੱਥੇ ਹੀ ਅੰਮ੍ਰਿਤਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਰਾਜਾ ਵੜਿੰਗ ਦੀ ਧਰਮ ਪਤਨੀ ਹੈ। ਮਨਪ੍ਰੀਤ ਬਾਦਲ ਕਾਂਗਰਸ ਦੇ ਮੰਤਰੀ ਰਹਿ ਚੁੱਕੇ ਨੇ ਅਤੇ ਹੁਣ ਉਹ ਭਾਜਪਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸਰਗਰਮ ਹਨ। ਹਾਲਾਂਕਿ ਇਸ ਵਾਰ ਅਕਾਲੀ ਦਲ ਨੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਨਹੀਂ ਉਤਾਰਿਆ ਹੈ। ਜਦਕਿ ਆਜ਼ਾਦ ਤੌਰ 'ਤੇ ਸੁਖਰਾਜ ਸਿੰਘ ਵੀ ਬੇਅਦਬੀਆਂ ਦਾ ਇਨਸਾਫ਼ ਨਾ ਮਿਲਣ ਕਾਰਨ ਖੁਦ ਚੋਣ ਮੈਦਾਨ 'ਚ ਨਿੱਤਰੇ ਹਨ।
ਡੇਰਾ ਬਾਬਾ ਨਾਨਕ ਸੀਟ
ਉੱਥੇ ਹੀ ਜੇਕਰ ਗੱਲ ਡੇਰਾ ਬਾਬਾ ਨਾਨਕ ਦੀ ਕੀਤੀ ਜਾਵੇ ਤਾਂ ਕੁੱਲ 11 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵੱਲੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਨੇ ਆਪਣੀ ਧਰਮ ਪਤਨੀ ਜਤਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। 2022 ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਇਹ ਸੀਟ ਆਪਣੇ ਨਾਂ ਮਹਿਜ਼ 466 ਵੋਟਾਂ ਦੇ ਨਾਲ ਜਿੱਤੀ ਸੀ ।ਜਿਸ ਤੋਂ ਬਾਅਦ ਉਹਨਾਂ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜਿੱਤ ਕੇ ਇਹ ਸੀਟ ਖਾਲੀ ਹੋ ਗਈ ਅਤੇ ਹੁਣ ਉਹਨਾਂ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਹੈ। ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਭਾਜਪਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਉਹ ਅਸ਼ਵਨੀ ਸ਼ਰਮਾ ਦੇ ਕਾਫੀ ਕਰੀਬੀ ਹਨ ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ।