ਸ੍ਰੀ ਮੁਕਤਸਰ ਸਾਹਿਬ: ਜਲਾਲਾਬਾਦ ਤੋਂ ਦਿੱਲੀ ਜਾਣ ਵਾਲੀ ਪੰਜਾਬ ਰੋਡਵੇਜ਼ ਸ਼੍ਰੀ ਮੁਕਤਸਰ ਸਾਹਿਬ ਡੀਪੂ ਦੀ ਬੱਸ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੇ ਕੰਡਕਟਰ ਦਾ ਕਹਿਣਾ ਹੈ ਕਿ 40 ਦੇ ਕਰੀਬ ਸਵਾਰੀਆਂ ਲੈਕੇ ਉਹ ਜਲਾਲਾਬਾਦ ਤੋਂ ਤੜਕੇ ਰਵਾਨਾ ਹੋਏ ਅਤੇ ਜਦੋਂ ਬੱਸ ਚੱਕ ਸੈਦੋਕਾ ਨਜ਼ਦੀਕ ਪੁੱਜੀ ਤਾਂ ਧੁੰਦ ਦੇ ਕਾਰਨ ਰਸਤਾ ਵਿਖਾਈ ਨਹੀਂ ਦਿੱਤੇ ਅਤੇ ਬੱਸ ਰੋਡ ਤੋਂ ਹੇਠਾਂ ਉਤਰ ਕੇ ਟਰਾਂਸਫਾਰਮਰ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਛੇ ਲੋਕਾਂ ਦੇ ਸੱਟਾਂ ਲੱਗੀਆਂ ਹਨ ਅਤੇ ਬੱਸ ਚਾਲਕ ਵੀ ਜ਼ਖ਼ਮੀ ਹੋਇਆ ਹੈ।
ਪਿੰਡ ਚੱਕ ਸੈਦੋਕਾ ਨਜ਼ਦੀਕ ਵਾਪਰਿਆ ਹਾਦਸਾ:ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ਤੜਕੇ ਚਾਰ ਵਜੇ ਦਿੱਲੀ ਆਈਐਸਬੀਟੀ ਜਾਣ ਵਾਲੀ ਪੰਜਾਬ ਰੋਡਵੇਜ਼ ਸ਼੍ਰੀ ਮੁਕਤਸਰ ਸਾਹਿਬ ਡੀਪੂ ਦੀ ਬੱਸ ਅੱਜ ਸੜਕ ਤੋਂ ਲੰਘਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਈ ਹੈ। ਇਹ ਹਾਦਸਾ ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਉੱਤੇ ਪਿੰਡ ਚੱਕ ਸੈਦੋਕਾ ਨਜ਼ਦੀਕ ਵਾਪਰਿਆ।
ਚਾਲਕ ਸਮੇਤ 6 ਲੋਕ ਹੋਏ ਜ਼ਖ਼ਮੀ: ਹਾਦਸਾ ਉਸ ਵੇਲੇ ਹੋਇਆ ਜਦੋਂ ਬੱਸ ਚੱਕ ਸੈਦੋਕਾ ਤੋਂ ਸਵਾਰੀਆਂ ਚੁੱਕ ਅੱਗੇ ਲਈ ਰਵਾਨਾ ਹੋਈ ਤਾਂ ਧੁੰਦ ਕਾਰਨ ਕੁੱਝ ਵੀ ਦਿਖਾਈ ਨਹੀਂ ਦਿੱਤਾ। ਇਸ ਦੌਰਾਨ ਬੱਸ ਅਚਾਨਕ ਸੜਕ ਤੋਂ ਥੱਲੇ ਉੱਤਰ ਗਈ। ਸੜਕ ਤੋਂ ਥੱਲੇ ਉਤਰੀ ਬੱਸ ਬਿਜਲੀ ਵਾਲੇ ਖੰਬੇ ਵਿੱਚ ਜਾ ਵੱਜੀ ਜਿਸ ਕਾਰਨ ਪੰਜ ਤੋਂ ਛੇ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਬੱਸ ਦੇ ਕੰਡਕਟਰ ਦੇ ਮੁਤਾਬਕ ਬੱਸ ਵਿੱਚ 40 ਸਵਾਰੀਆਂ ਸਵਾਰ ਸਨ। ਇਸ ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਐਬੂਲੈਂਸ ਰਾਹੀਂ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬੱਸ ਦੇ ਡਰਾਈਵਰ ਨੂੰ ਜ਼ਿਆਦਾ ਸੱਟ ਲੱਗੀਆਂ ਹਨ। ਕੰਡਕਟਰ ਨੇ ਇਹ ਵੀ ਦੱਸਿਆ ਕਿ ਬੱਸ ਦੀ ਰਫਤਾਰ ਬਹੁਤ ਹੋਲੀ ਸੀ ਪਰ ਬਾਵਜੂਦ ਇਸ ਦੇ ਧੁੰਦ ਜ਼ਿਆਦਾ ਹੋਣ ਕਾਰਣ ਹਾਦਸਾ ਵਾਪਰਿਆ ਗਿਆ।
ਇਸ ਤੋਂ ਪਹਿਲਾਂ ਬਰਨਾਲਾ ਜਿਲ੍ਹੇ ਦੇ ਸ਼ਹਿਰ ਤਪਾ ਨੇੜੇ ਬਠਿੰਡਾ-ਚੰਡੀਗੜ੍ਹ ਕੌਮੀ ਹਾਈਵੇਅ ਉੱਪਰ ਅੱਜ ਸਵੇਰ ਸਮੇਂ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਤਪਾ ਮੰਡੀ ਦੇ ਓਵਰ ਬ੍ਰਿਜ ਉਪਰ ਵਾਪਰਿਆ। ਜਿੱਥੇ ਪੁਲ ਉਪਰ ਖੜ੍ਹੇ ਟਰੱਕ ਨਾਲ 4 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਵਿੱਚ ਇੱਕ ਬਰਾਤ ਵਾਲੀ ਗੱਡੀ ਵੀ ਸ਼ਾਮਲ ਹੈ, ਜੋ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ। ਪਟਿਆਲਾ ਤੋਂ ਹਨੂੰਮਾਨਗੜ੍ਹ ਜਾ ਰਹੀ ਬਰਾਤ ਵਿੱਚ ਇਹ ਗੱਡੀ ਸ਼ਾਮਲ ਸੀ। ਹਾਦਸੇ ਦੌਰਾਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਗੱਡੀਆਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਇਹ ਹਾਦਸਾ ਭਾਰੀ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਫਿਲਹਾਲ ਤਪਾ ਮੰਡੀ ਦੀ ਪੁਲਿਸ ਇਸ ਕੇਸ ਦੀ ਜਾਂਚ ਵਿੱਚ ਜੁਟੀ ਹੋਈ ਹੈ।