ਅੰਮ੍ਰਿਤਸਰ:ਨਵੰਬਰ ਤੋਂ ਹੁਣ ਤੱਕ ਲਗਾਤਾਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿਖੇ ਪੁਲਿਸ ਚੌਂਕੀਆਂ ਬਾਹਰ-ਅੰਦਰ ਜਾਂ ਨੇੜੇ ਧਮਾਕੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਕਈ ਥਾਵਾਂ ਤੋਂ ਬੰਬਨੁਮਾ ਵਸਤੂਆਂ ਵੀ ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਹੁਣ ਆਪਣੇ ਥਾਣਿਆਂ ਨੂੰ ਸੁਰੱਖਿਤ ਕਰਨ ਨੂੰ ਲੈ ਕੇ ਤਰਪਾਲ ਦੀਆਂ ਪੰਜ-ਪੰਜ ਫੁੱਟ ਉੱਚੀਆਂ ਦੀਵਾਰਾਂ ਬਣਾਈਆਂ ਜਾ ਰਹੀਆਂ ਹਨ, ਤਾਂ ਜੋ ਕੋਈ ਵੀ ਥਾਣੇ ਦੇ ਅੰਦਰ ਬੰਬਨੁਮਾ ਚੀਜ਼ ਜਾਂ ਗ੍ਰੇਨੇਡ ਨਾ ਸੁੱਟ ਸਕੇ।
ਥਾਣੇ-ਚੌਂਕੀਆਂ ਨੂੰ ਧਮਾਕਿਆਂ ਦਾ ਖ਼ਤਰਾ ... ਪੁਲਿਸ ਨੇ ਕੀਤੇ ਇਹ ਇੰਤਜਾਮ (ETV Bharat, ਪੱਤਰਕਾਰ, ਅੰਮ੍ਰਿਤਸਰ) ਤਰਪਾਲ ਅਤੇ ਨੈੱਟ ਨਾਲ ਉੱਚੀ ਕੀਤੀ ਬਾਊਂਡਰੀ
ਦੱਸਿਆ ਜਾ ਰਿਹਾ ਹੈ ਕਿ ਡੀਜੀਪੀ ਪੰਜਾਬ ਦੇ ਆਦੇਸ਼ਾਂ ਤੋਂ ਬਾਅਦ ਹਰੇਕ ਚੌਂਕੀ ਤੇ ਪੁਲਿਸ ਥਾਣਿਆਂ ਉੱਤੇ ਤਰਪਾਲਾਂ ਲਗਾਈਆਂ ਜਾ ਰਹੀਆਂ ਹਨ। ਇਸ ਨੂੰ ਲੈਕੇ ਕੋਈ ਵੀ ਪੁਲਿਸ ਅਧਿਕਾਰੀ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਹੁਣ ਪੰਜਾਬ ਪੁਲਿਸ ਪਹਿਲਾਂ ਆਪਣੇ ਚੌਂਕੀਆਂ/ਥਾਣੇ ਸੁਰੱਖਿਅਤ ਕਰਨ ਵਿੱਚ ਜੁੱਟ ਗਈ ਹੈ। ਹੁਣ ਤਰਪਾਲ ਅਤੇ ਨੈੱਟ ਨਾਲ ਪੁਲਿਸ ਸਟੇਸ਼ਨ ਦੀ ਬਾਉਂਡਰੀ ਨੂੰ ਉੱਚਾ ਕੀਤਾ ਜਾ ਰਿਹਾ ਹੈ। ਪੁਲਿਸ ਸਟੇਸ਼ਨ ਦੀਆਂ ਦੀਵਾਰਾਂ ਪੰਜ ਪੰਜ ਫੁੱਟ ਉੱਚੀਆਂ ਕੀਤੀਆਂ ਜਾ ਰਹੀਆਂ ਹਨ।
ਪਿਛਲੇ ਕੁੱਝ ਦਿਨਾਂ ਦੇ ਅੰਦਰ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨ ਅਤੇ ਚੌਂਕੀਆਂ ਤੇ ਅੱਠ ਗਰਨੇਡ ਹਮਲੇ ਹੋ ਚੁੱਕੇ ਹਨ। ਹੁਣ ਬਚਾਅ ਕਰਦੇ ਹੋਏ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਪੁਲਿਸ ਸਟੇਸ਼ਨ ਅਤੇ ਪੁਲਿਸ ਚੌਂਕੀਆਂ ਦੀ ਬਾਉਂਡਰੀ ਦੀਵਾਰਾਂ ਨੂੰ ਉੱਚਾ ਕਰਨ ਤੋਂ ਇਲਾਵਾ ਇਨ੍ਹਾਂ ਨੂੰ ਤਰਪਾਲ ਅਤੇ ਫਾਈਬਰ ਦੀਆਂ ਚਾਦਰਾਂ ਨਾਲ ਢੱਕਿਆ ਜਾ ਰਿਹਾ ਹੈ, ਤਾਂ ਜੋ ਬੰਬ ਥਾਣੇ ਦੇ ਅੰਦਰ ਨਾ ਡਿੱਗ ਸਕੇ।
ਨਿਸ਼ਾਨੇ 'ਤੇ ਪੁਲਿਸ ਸਟੇਸ਼ਨ (ETV Bharat) ਕਦੋਂ-ਕਿੱਥੇ ਸੁਣਿਆ ਗਿਆ ਜ਼ੋਰਦਾਰ ਧਮਾਕਾ ਤੇ ਬਰਾਮਦ ਹੋਈ ਧਮਾਕਾ ਸੱਮਗਰੀ?
- 23 ਨਵੰਬਰ- ਅਜਨਾਲਾ ਥਾਣੇ ਦੇ ਬਾਹਰ RDX ਹਾਲਾਂਕਿ, ਇਹ ਵਿਸਫੋਟ ਨਹੀਂ ਹੋਇਆ ਸੀ ਜਿਸ ਦੀ ਹੈਪੀ ਪਾਸ਼ੀਆ ਨੇ ਜ਼ਿੰਮੇਵਾਰੀ ਲਈ ਸੀ। ਜਦਕਿ ਪੁਲਿਸ ਨੇ ਇਸ ਮਾਮਲੇ 'ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ।
- 29 ਨਵੰਬਰ-ਅੰਮ੍ਰਿਤਸਰ ਦੇ ਗੁਰਬਖਸ਼ ਨਗਰ 'ਚ ਬੰਦ ਪੁਲਿਸ ਚੌਕੀ 'ਚ ਗ੍ਰਨੇਡ ਧਮਾਕਾ ਹੋਇਆ। ਇਹ ਹਮਲਾ ਵੀ ਬੰਦ ਪਈ ਚੌਕੀ ਵਿੱਚ ਕੀਤਾ ਗਿਆ।
- 2 ਦਸੰਬਰ-ਨਵਾਂ ਸ਼ਹਿਰ ਦੇ ਕਾਠਗੜ੍ਹ ਥਾਣੇ 'ਚ ਗ੍ਰੇਨੇਡ ਧਮਾਕਾ। ਇਸ ਮਾਮਲੇ 'ਚ ਵੀ ਪੁਲਿਸ ਨੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਸਨ।
- 4 ਦਸੰਬਰ-ਅੰਮ੍ਰਿਤਸਰ ਦੇ ਮਜੀਠਾ ਥਾਣੇ 'ਚ ਗ੍ਰੇਨੇਡ ਧਮਾਕੇ ਤੋਂ ਪੁਲਿਸ ਨੇ ਮੰਨਣ ਤੋਂ ਇਨਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਕਰਮਚਾਰੀ ਦੀ ਬਾਈਕ ਦਾ ਟਾਇਰ ਫਟ ਗਿਆ, ਪਰ ਸਥਾਨਕ ਲੋਕਾਂ ਨੇ ਦੱਸਿਆ ਸੀ ਕਿ ਧਮਾਕਾ ਬਹੁਤ ਜ਼ੋਰਦਾਰ ਸੀ।
- 13 ਦਸੰਬਰ-ਥਾਣਾ ਅਲੀਵਾਲ ਬਟਾਲਾ 'ਚ ਗ੍ਰੇਨੇਡ ਧਮਾਕਾ ਹੋਇਆ। ਇਸ ਘਟਨਾ ਦੀ ਜ਼ਿੰਮੇਵਾਰੀ ਵੀ ਹੈਪੀ ਪਾਸ਼ੀਆ ਅਤੇ ਉਸ ਦੇ ਸਾਥੀਆਂ ਨੇ ਲਈ। ਇਹ ਘਟਨਾ ਵੀ ਰਾਤ ਸਮੇਂ ਵਾਪਰੀ।
- 17 ਦਸੰਬਰ-ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਥਾਣੇ 'ਚ ਗ੍ਰੇਨੇਡ ਧਮਾਕਾ। ਸਵੇਰੇ ਜਦੋਂ ਇਹ ਖ਼ਬਰ ਫੈਲੀ ਤਾਂ ਪੁਲਿਸ ਕਮਿਸ਼ਨਰ ਅਤੇ ਸਥਾਨਕ ਪੁਲਿਸ ਨੇ ਇਸ ਨੂੰ ਧਮਾਕਾ ਨਹੀਂ ਕਿਹਾ, ਪਰ ਦੁਪਹਿਰ ਬਾਅਦ ਡੀਜੀਪੀ ਪੰਜਾਬ ਨੇ ਖੁਦ ਅੰਮ੍ਰਿਤਸਰ ਪਹੁੰਚ ਕੇ ਮੰਨਿਆ ਕਿ ਇਹ ਅੱਤਵਾਦੀ ਘਟਨਾ ਸੀ ਅਤੇ ਬੰਬ ਧਮਾਕਾ ਹੋਇਆ ਸੀ।
- 18 ਦਸੰਬਰਨੂੰ ਗੁਰਦਾਸਪੁਰ ਦੇ ਬਖਸ਼ੀਵਾਲਾ ਪੁਲਿਸ ਚੌਕੀ ਉੱਤੇ ਗ੍ਰਨੇਡ ਹਮਲਾ ਹੋਇਆ ਹੈ। ਇਸ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਉੱਤੇ ਕਥਿਤ ਪੋਸਟ ਪਾ ਕੇ ਲਈ ਸੀ।
- 20 ਦਸੰਬਰ - ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੀ ਵਡਾਲਾ ਬਾਂਗਰ ਪੁਲਿਸ ਚੌਕੀ ਵਿਖੇ ਦੇਰ ਰਾਤ ਧਮਾਕਾ ਕੀਤਾ ਗਿਆ। ਵਡਾਲਾ ਬਾਂਗਰ ਪੁਲਿਸ ਚੌਕੀ 'ਤੇ ਹਮਲੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਹੈਪੀ ਪਾਸ਼ੀਆ ਨੇ ਲਈ ਹੈ। ਧਮਾਕਾ ਕਰਨ ਵਾਲੇ 3 ਮੁਲਜ਼ਮਾਂ ਦਾ ਯੂਪੀ ਵਿੱਚ ਐਨਕਾਉਂਟਰ ਕੀਤੀ ਗਿਆ। ਇਹ ਪੰਜਾਬ ਪੁਲਿਸ ਤੇ ਉੱਤਰ ਪ੍ਰਦੇਸ਼ ਪੁਲਿਸ ਦਾ ਸਾਂਝਾ ਆਪ੍ਰੇਸ਼ਨ ਸੀ।