ਮੋਗਾ:ਜਿਉਂ ਜਿਉਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਲਗਾਤਾਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਏ ਹੰਸ ਨੂੰ ਕਿਸਾਨਾਂ ਦੇ ਡਟਵੇਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਫਰੀਦਕੋਟ ਹਲਕੇ ਦੇ ਜ਼ਿਲ੍ਹਾ ਮੋਗਾ ਦੇ ਪਿੰਡਾਂ 'ਚ ਆਪਣਾ ਚੋਣ ਪ੍ਰਚਾਰ ਕਰਨ ਜਾਣਾ ਸੀ ਤਾਂ ਪਿੰਡ ਦੇ ਬਾਹਰ ਹੀ ਕਿਸਾਨ ਜਥੇਬੰਦੀਆਂ ਵੱਲੋਂ ਹੰਸ ਰਾਜ ਹੰਸ ਨੂੰ ਰੋਕ ਕੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਹੰਸ ਰਾਜ ਹੰਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਮੌਕੇ ਭਾਰੀ ਸੁਰੱਖਿਆ ਫੋਰਸ ਤੈਨਾਤ ਕੀਤੀ ਗਈ।
ਭਾਜਪਾ ਵਰਕਰਾਂ ਨੇ ਚੁੱਕੇ ਸਵਾਲ: ਇਸ ਮੌਕੇ ਭਾਜਪਾ ਵਰਕਰਾਂ ਨੇ ਆਪਣੀ ਚੁੱਪੀ ਨੂੰ ਤੋੜਦਿਆਂ ਹੋਇਆਂ ਕਿਸਾਨ ਜਥੇਬੰਦੀਆਂ ਨੂੰ ਪਲਟਵਾਂ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨਾ ਚਾਹੁੰਦੇ ਹਨ ਤਾਂ ਉਹ ਭਾਜਪਾ ਨੂੰ ਵੋਟਾਂ ਨਾ ਪਾ ਕੇ ਜਾਂ ਕਾਲੀਆਂ ਝੰਡੀਆਂ ਨਾਲ ਵਿਰੋਧ ਕਰ ਸਕਦੇ ਹਨ ਪਰ ਇਹ ਜਥੇਬੰਦੀਆਂ ਗਾਲੀ ਗਲੋਚ ਅਤੇ ਲੜਨ ਤੱਕ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਹੰਸ ਰਾਜ ਹੰਸ ਵਲੋਂ ਸਵਾਲਾਂ ਦੇ ਜਵਾਬ ਦੇ ਦਿੱਤੇ ਤਾਂ ਇੰਨ੍ਹਾਂ ਦਾ ਵਿਰੋਧ ਕਰਨ ਦਾ ਮਤਲਬ ਹੀ ਨਹੀਂ ਬਣਦਾ।