ਭਾਜਪਾ ਸਾਂਸਦ ਦਰਬਾਰ ਸਾਹਿਬ ਨਤਮਸਤਕ (ETV BHARAT) ਅੰਮ੍ਰਿਤਸਰ:ਅੱਜ ਭਾਜਪਾ ਦੇ ਸਾਂਸਦ ਨਵੀਨ ਜਿੰਦਲ ਆਪਣੇ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ। ਜਿੱਥੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਨਾਲ ਹੀ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ। ਇਸ ਮੌਕੇ ਉਹਨਾਂ ਨੂੰ ਸੂਚਨਾ ਅਧਿਕਾਰੀਆਂ ਵੱਲੋਂ ਕਿਤਾਬਾਂ ਦਾ ਸੈਟ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਪਰਿਵਾਰ ਸਣੇ ਦਰਬਾਰ ਸਾਹਿਬ ਨਤਮਸਤਕ:ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵੀਨ ਜਿੰਦਲ ਨੇ ਕਿਹਾ ਕਿ ਗੁਰੂ ਘਰ ਵਿੱਚ ਆ ਕੇ ਮੈਨੂੰ ਬਹੁਤ ਚੰਗਾ ਲੱਗਾ ਹੈ। ਅੱਜ ਮੈਂ ਆਪਣੀ ਪਤਨੀ ਦੇ ਨਾਲ 20 ਸਾਲ ਬਾਅਦ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਪੁੱਜਾ ਹਾਂ। ਇੱਥੇ ਆ ਕੇ ਮਨ ਨੂੰ ਸ਼ਾਂਤੀ ਤੇ ਸਕੂਨ ਮਿਲਦਾ ਹੈ ਕਿਉਂਕਿ ਇਹ ਰੂਹਾਨੀਅਤ ਦਾ ਕੇਂਦਰ ਹੈ। ਉੱਥੇ ਹੀ ਭਾਜਪਾ ਸਾਂਸਦ ਨੇ ਕਿਹਾ ਕਿ ਇੱਥੇ ਆ ਕੇ ਆਦਮੀ ਨੂੰ ਇੱਕ ਹਿੰਮਤ, ਨਵਾਂ ਜੋਸ਼ ਤੇ ਨਵੀਂ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਇਕੱਠੇ ਹੋ ਕੇ ਆਪਣੇ ਦੇਸ਼ ਦੇ ਲਈ ਕੁਝ ਕੰਮ ਕਰੀਏ ।
ਸਰਹੱਦ ਰਾਹੀ ਭਾਰਤ ਪਾਕਿ ਵਪਾਰ: ਉੱਥੇ ਹੀ, ਨਵੀਨ ਜਿੰਦਲ ਨੇ ਨੇ ਕਿਹਾ ਕਿ ਅੱਜ ਮੈਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਗੁਰੂ ਘਰ ਵਿੱਚ ਆਇਆ ਹਾਂ। ਉਹਨਾਂ ਕਿਹਾ ਕਿ ਸਾਡੇ ਰਿਸ਼ਤੇ ਗੁਆਂਢੀ ਮੁਲਕਾਂ ਦੇ ਨਾਲ ਚੰਗੇ ਹੋਣੇ ਚਾਹੀਦੇ ਹਨ ਤਾਂ ਹੀ ਆਪਸ ਵਿੱਚ ਵਪਾਰ ਤੇ ਪ੍ਰੇਮ ਵੱਧਦਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਇਥੋਂ ਅਟਾਰੀ ਵਾਹਘਾ ਸਰੱਹਦ ਬਿਲਕੁੱਲ ਨੇੜੇ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਦੋਵਾਂ ਦੇਸ਼ਾਂ ਦਾ ਆਪਸ ਵਿੱਚ ਚੰਗੇ ਸੰਬੰਧ ਹੋਣ, ਵਪਾਰ ਵਧੇ ਤੇ ਅਸੀਂ ਇੱਕ ਦੂਜੇ ਦੇ ਦੇਸ਼ ਵਿੱਚ ਜਾ ਕੇ ਇੱਕ ਦੂਜੇ ਨੂੰ ਮਿਲ ਸਕੀਏ।
ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ: ਨਵੀਨ ਜਿੰਦਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੁਝ ਮਜ਼ਬੂਰੀਆਂ ਦੇ ਚੱਲਦੇ ਇਹ ਬਾਰਡਰ ਬੰਦ ਕੀਤਾ ਸੀ ਪਰ ਮੈਂ ਚਾਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਇਹ ਬਾਰਡਰ ਖੁੱਲ੍ਹੇ ਤੇ ਦੋਵਾਂ ਦੇਸ਼ਾਂ ਦੇ ਸੰਬੰਧ ਹੋਰ ਮਜ਼ਬੂਤ ਹੋਣ ਤੇ ਵਪਾਰ ਵੀ ਮਜ਼ਬੂਤ ਹੋਵੇ। ਉਹਨਾਂ ਕਿਹਾ ਕਿ ਪਾਕਿਸਤਾਨ ਤੇ ਭਾਰਤ ਇੱਕ ਹੀ ਦੇਸ਼ ਹਨ ਤੇ ਉੱਥੋਂ ਦੇ ਲੋਕ ਵੀ ਇੱਕ ਹਨ। ਜਦੋਂ ਸਾਡੇ ਭਾਰਤ ਦੇ ਲੋਕ ਪਾਕਿਸਤਾਨ ਵਿੱਚ ਜਾਂਦੇ ਹਨ ਜਾਂ ਪਾਕਿਸਤਾਨ ਦੇ ਲੋਕ ਭਾਰਤ ਵਿੱਚ ਆਉਂਦੇ ਹਨ ਤੇ ਉਹਨਾਂ ਦਾ ਪੂਰਾ ਆਦਰ ਸਤਿਕਾਰ ਕੀਤਾ ਜਾਂਦਾ ਹੈ ਤੇ ਉਹ ਲੋਕ ਵੀ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਦੇ ਪਿਆਰ ਦੇ ਸੰਬੰਧ ਬਣੇ ਰਹਿਣ ਤੇ ਦੋਵੇਂ ਦੇਸ਼ ਇੱਕ ਹੋਣ। ਉਹਨਾਂ ਕਿਹਾ ਕਿ ਸਾਡੇ ਰਿਸ਼ਤੇ ਹੋਰ ਮਜਬੂਤ ਤਾਂ ਹੀ ਹੋ ਸਕਦੇ ਹਨ ਜੇ ਸਾਡਾ ਵਪਾਰ ਵਧੇ ਤੇ ਟੂਰਿਸਟ ਵਧੇ।