ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੇ 'ਆਪ' ਦਾ ਭ੍ਰਿਸ਼ਟ ਚਿਹਰਾ ਹੋਇਆ ਨੰਗਾ' ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ED ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਜਿੱਥੇ ਸਮੂਹ ਆਪ ਲੀਡਰਸ਼ਿੱਪ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਉੱਥੇ ਹੀ ਭਾਜਪਾ ਆਗੂਆਂ ਵੱਲੋਂ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਭਾਜਪਾ ਪੰਜਾਬ ਦੇ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਸ ਗਿਰਫਤਾਰੀ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਸ਼ਰਾਬ ਘੁਟਾਲੇ ਦਾ ਕਿੰਗ ਪਿੰਨ ਅਰਵਿੰਦ ਕੇਜਰੀਵਾਲ ਹੀ ਹੈ। ਤਾਂ ਹੀ ਉਹਨਾਂ ਵੱਲੋਂ ਆਪਣੇ ਬਚਾਅ ਲਈ ਹੱਥ ਪੈਰ ਮਾਰੇ ਜਾ ਰਹੇ ਹਨ। ਪਰ ਉਹਨਾਂ ਵੱਲੋਂ ਈਡੀ ਦੇ ਸੰਮਨ ਨੂੰ ਅਣਗੋਲਿਆਂ ਕਰਦੇ ਹੋਏ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਸੀ।
ਆਪ ਦਾ ਭ੍ਰਿਸ਼ਟ ਚਿਹਰਾ ਆਇਆ ਲੋਕਾਂ ਸਾਹਮਣੇ : ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਅਕਸਰ ਹੀ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਤੋਂ ਵੱਧ ਇਮਾਨਦਾਰ ਸਰਕਾਰ ਹੈ ਪਰ ਅਜਿਹਾ ਨਹੀਂ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸਭ ਤੋਂ ਵੱਧ ਭ੍ਰਿਸ਼ਟ ਸਰਕਾਰ ਹੈ। ਜਿਸ ਦਾ ਚਿਹਰਾ ਹੌਲੀ ਹੌਲੀ ਦੁਨੀਆ ਸਾਹਮਣੇ ਨੰਗਾ ਹੋ ਰਿਹਾ ਹੈ। ਭਾਜਪਾ ਆਗੂ ਨੇ ਅੱਗੇ ਬਿੋਲਦੇ ਹੋਏ ਕਿਹਾ ਕਿ ਅਜੇ ਤਾਂ ਦਿੱਲੀ ਦਾ ਘੁਟਾਲਾ ਹੀ ਸਾਹਮਣੇ ਆਇਆ ਹੈ। ਪਰ ਅਜੇ ਇਹ ਜਾਂਚ ਪੰਜਾਬ 'ਚ ਵੀ ਹੋਵੇਗੀ ਅਤੇ ਪੰਜਾਬ 'ਚ ਬੈਠੇ ਭ੍ਰਿਸ਼ਟਾਚਾਰੀ ਅਧਿਕਾਰੀ ਵੀ ਸਾਹਮਣੇ ਆਉਣਗੇ।
ਮਨਜਿੰਦਰ ਸਿਰਸਾ ਨੇ ਵੀ ਕੱਢੀ ਭੜਾਸ: ਜ਼ਿਕਰਯੋਗ ਹੈ ਕਿ ਬੀਤੀ ਰਾਤ ਨੂੰ ਹੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸੱਭ ਤੋਂ ਵੱਧ ਭ੍ਰਿਸ਼ਟ ਨੇਤਾ ਹੈ। ਉਹਨਾਂ ਵੱਲੋਂ ਕੀਤੇ ਪਾਪਾਂ ਦਾ ਹੀ ਉਹਨਾਂ ਨੂੰ ਫੱਲ ਮਿਲ ਰਿਹਾ ਹੈ। ਪਾਪਾਂ ਦੀ ਸਜ਼ਾ ਮਿਲ ਰਹੀ ਹੈ। ਭਾਜਪਾ ਸਰਕਾਰ ਅਜਿਹੇ ਭ੍ਰਿਸ਼ਟ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰੇਗੀ।
ਕੇਜਰੀਵਾਲ ਦੀ ਗਿਰਫਤਾਰੀ 'ਤੇ ਬੋਲੇ ਮਾਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, ਉਨ੍ਹਾਂ ਨੇ ਲਿਖਿਆ ਹੈ ਕਿ, ਭਾਜਪਾ ਦੀ ਸਿਆਸੀ ਟੀਮ (ED) ਕੇਜਰੀਵਾਲ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀ…ਕਿਉਂਕਿ ਸਿਰਫ਼ ‘AAP’ ਹੀ BJP ਨੂੰ ਰੋਕ ਸਕਦੀ ਹੈ।
ਉਥੇ ਹੀ ‘ਆਪ’ ਆਗੂ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਹੈ ਕਿ , ਦਿੱਲੀ ਵਿੱਚ ਵਿਸ਼ਵ ਪੱਧਰੀ ਸਿੱਖਿਆ, ਸਿਹਤ, ਬਿਜਲੀ ਅਤੇ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੇ ਮੁੱਖ ਮੰਤਰੀ ਕੇਟਰੀਵਾਲ ਨੂੰ ਗ੍ਰਿਫ਼ਤਾਰ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ। 2 ਸਾਲਾਂ ਤੋਂ ਚੱਲ ਰਹੇ ਇੱਕ ਕੇਸ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕਰਨਾ ਸਿਆਸੀ ਸਾਜ਼ਿਸ਼ ਨੂੰ ਦਰਸਾਉਂਦਾ ਹੈ। ਪੂਰੀ ਦਿੱਲੀ ਅਤੇ ਪੂਰਾ ਦੇਸ਼ ਕੇਜਰੀਵਾਲ ਦੇ ਨਾਲ ਹੈ। ਜ਼ਿਕਰਯੋਗ ਹੈ ਕਿ ਰਾਤ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਦੀ ਤਲਾਸ਼ੀਲਈ ਅਤੇ ਦੋ ਘੰਟੇ ਪੁੱਛਗਿੱਛ ਕੀਤੀ ਇਸ ਤੋਂ ਬਾਅਦ ਹਿਰਾਸਤ 'ਚ ਲੈ ਲਿਆ।