ਬਿਆਸ/ਅੰਮ੍ਰਿਤਸਰ:ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਪਾਰਟੀਆਂ ਵੋਟ ਬੈਂਕ ਨੂੰ ਹਾਸਲ ਕਰਨ ਦੇ ਲਈ ਕੋਈ ਵੀ ਕਮੀ ਬਾਕੀ ਨਹੀਂ ਛੱਡ ਰਹੀਆਂ ਅਤੇ ਇਸ ਦੌਰਾਨ ਆਪਣੇ ਵੋਟ ਬੈਂਕ ਨੂੰ ਹੋਰ ਮਜਬੂਤ ਕਰਨ ਦੇ ਲਈ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਹੁਣ ਡੇਰਿਆਂ ਤੇ ਪੁੱਜ ਕੇ ਅਤੇ ਨਤਮਸਤਕ ਹੋ ਵੋਟ ਬੈਂਕ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਜਪਾ ਆਗੂ ਪਹੁੰਚੇ ਡੇਰਾ ਬਿਆਸ਼:ਇਸੇ ਲੜੀ ਦੇ ਤਹਿਤ ਅੱਜ ਕੇਂਦਰੀ ਮੰਤਰੀ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼ ਆਪਣੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਜੋ ਕਿ ਹੁਣ ਲੋਕ ਸਭਾ ਚੋਣਾਂ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹੁਸ਼ਿਆਰਪੁਰ ਤੋਂ ਉਮੀਦਵਾਰ ਵੀ ਹਨ, ਦੇ ਨਾਲ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਵਿਖੇ ਪੁੱਜੇ। ਇੱਥੇ ਉਨ੍ਹਾਂ ਵੱਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਗਿਆ।
ਇਹ ਸਿਆਸਤਦਾਨ ਡੇਰੇ ਵਿੱਚ ਲਗਵਾ ਚੁੱਕੇ ਹਾਜ਼ਰੀ:ਸਿਆਸਤ ਵਿੱਚ ਜੇਕਰ ਵੋਟ ਬੈਂਕ ਦੀ ਮਹੱਤਤਾ ਦੀ ਗੱਲ ਕਰੀਏ, ਤਾਂ ਮਾਝੇ ਦੇ ਪ੍ਰਮੁੱਖ ਅਤੇ ਵਿਸ਼ਵ ਭਰ ਵਿੱਚ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਇਸ ਸਮੇਂ ਚਰਚਾ ਵਿੱਚ ਦਿਖਾਈ ਦੇ ਰਿਹਾ ਹੈ। ਇਸ ਦਾ ਵੱਡਾ ਕਾਰਨ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੀ ਇੱਥੇ ਡੇਰਾ ਸਤਸੰਗ ਬਿਆਸ ਪਹੁੰਚੇ ਹਨ।
ਇਸ ਤੋਂ ਇਲਾਵਾ,ਕੈਬਿਨਟ ਮੰਤਰੀ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਪ ਦੇ ਉਮੀਦਵਾਰ ਅਤੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ, ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਮੈਂਬਰ ਪਾਰਲੀਮੈਂਟ ਰਹੇ ਜਸਬੀਰ ਸਿੰਘ ਡਿੰਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਤਕਰੀਬਨ ਮੁੱਖ ਲੀਡਰ ਡੇਰਾ ਬਿਆਸ ਵਿੱਚ ਆਸ਼ੀਰਵਾਦ ਲੈਣ ਦੇ ਲਈ ਪੁੱਜ ਰਹੇ ਹਨ।
ਫਿਲਹਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਹ ਆਸ਼ੀਰਵਾਦ ਦੇ ਸਦਕਾ ਲੋਕ ਕਿਸ ਪਾਰਟੀ ਜਾ ਉਮੀਦਵਾਰ ਨੂੰ ਆਪਣਾ ਵੋਟ ਦਿੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਰੋਜ਼ਾਨਾ ਡੇਰਾ ਬਿਆਸ ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਆਉਣਾ ਜਾਣਾ ਹਰ ਇੱਕ ਨੂੰ ਹੈਰਾਨ ਕਰ ਰਿਹਾ ਹੈ ਤੇ ਲੀਡਰਾਂ ਦੀਆਂ ਇਹਨਾਂ ਫੇਰੀਆਂ ਨੂੰ ਲੈ ਕੇ ਸਿਆਸੀ ਹਲਕਿਆਂ ਦੇ ਵਿੱਚ ਵੱਡੀ ਚਰਚਾ ਛਿੜੀ ਹੋਈ ਹੈ।