ਪਿੰਡਾਂ ਦੀਆਂ ਸੜਕਾਂ ਦੇ ਬਾਦਸ਼ਾਹ ਭੂੰਡ ਆਟੋ ਬਾਰੇ ਜਲੰਧਰ :ਅੱਜ ਪੰਜਾਬ ਦੀਆਂ ਸੜਕਾਂ ਉੱਪਰ ਲੱਖਾਂ ਵੰਨ ਸਵੰਨੀਆਂ ਗੱਡੀਆਂ ਫਰਾਟੇ ਮਾਰਦੀਆਂ ਨਜ਼ਰ ਆਉਂਦੀਆਂ ਹਨ, ਪਰ ਇੱਕ ਸਮਾਂ ਹੁੰਦਾ ਸੀ, ਜਦੋਂ ਪੰਜਾਬ ਦੀਆਂ ਸੜਕਾਂ ਉੱਪਰ ਇੱਕ ਲੰਬਾ ਜਿਹਾ ਆਟੋ ਚੱਲਦਾ ਸੀ, ਜਿਸ ਨੂੰ ਅੱਜ ਵੀ ਲੋਕ ਭੂੰਡ ਦੇ ਨਾਮ ਤੋਂ ਜਾਣਦੇ ਹਨ। ਕਿਸੇ ਵੇਲ੍ਹੇ ਪੰਜਾਬ ਦੀਆਂ ਸੜਕਾਂ ਦਾ ਬਾਦਸ਼ਾਹ ਕਿਹਾ ਜਾਣ ਵਾਲੇ ਇਹ ਭੂੰਡ ਹੁਣ ਗੁੰਮ ਹੁੰਦੇ ਨਜ਼ਰ ਆ ਰਹੇ ਹਨ।
ਦੇਸ਼ ਦੀ ਅਜ਼ਾਦੀ ਵੇਲ੍ਹੇ ਤੋਂ ਪੰਜਾਬ ਦੀਆਂ ਸੜਕਾਂ ਉੱਪਰ ਚੱਲਦੇ ਇਹ ਭੂੰਡ (ਪੁਰਾਣੇ ਸਮੇਂ ਤੋਂ ਚੱਲਣ ਵਾਲਾ ਇਕ ਕਿਸਮ ਦਾ ਆਟੋ) ਅੱਜ ਪੰਜਾਬ ਦੇ ਪਿੰਡਾਂ ਵਿੱਚ ਟਾਵਾਂ-ਟਾਵਾਂ ਹੀ ਨਜ਼ਰ ਆਉਂਦੇ ਹਨ। ਜਲੰਧਰ ਵਿਖੇ ਜਦ ਅਸੀਂ ਕਿਸ਼ਨਗੜ ਚੌਂਕ ਪਹੁੰਚੀਏ, ਤਾਂ ਉੱਥੇ ਖੜੇ ਇਹ ਭੂੰਡ ਉਨ੍ਹਾਂ ਲੋਕਾਂ ਲਈ ਅਕਰਸ਼ਨ ਦਾ ਕਾਰਨ ਬਣ ਜਾਂਦੇ ਹਨ, ਜਿਨ੍ਹਾਂ ਨੇ ਕਦੇ ਇਨ੍ਹਾਂ ਵਿੱਚ ਸਵਾਰੀ ਕੀਤੀ ਸੀ।
ਹੁਣ ਇਨ੍ਹਾਂ ਦੀ ਗਿਣਤੀ ਘਟੀ:ਇਨ੍ਹਾਂ ਭੂੰਡਾਂ ਦੇ ਮਾਲਕ ਦੱਸਦੇ ਨੇ ਕਿ ਉਹ ਕਰੀਬ 25 ਤੋਂ 30 ਸਾਲ ਤੋਂ ਇਨ੍ਹਾਂ ਨੂੰ ਪਿੰਡਾਂ ਵਿੱਚ ਚਲਾ ਰਹੇ ਹਨ, ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਮੁਤਾਬਕ ਹੁਣ ਹੋਲੀ ਹੋਲੀ ਇਨ੍ਹਾਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ ਅਤੇ ਹੁਣ ਲੱਗਦਾ ਨਹੀਂ ਕਿ ਉਨ੍ਹਾਂ ਦੇ ਬੱਚੇ ਵੀ ਇਹ ਕੰਮ ਕਰਨਗੇ। ਇਨ੍ਹਾਂ ਲੋਕਾਂ ਮੁਤਾਬਕ ਹੁਣ ਨਾ ਤਾਂ ਇਹ ਨਵੇਂ ਮਿਲਦੇ ਹਨ, ਨਾ ਇਨ੍ਹਾਂ ਦੇ ਮਿਸਤਰੀ ਅਤੇ ਨਾ ਹੀ ਸਪੇਅਰ ਪਾਰਟਸ।
ਭੂੰਡ ਹੀ ਕਿਉਂ ਕਿਹਾ ਜਾਂਦਾ: ਸਾਡੀ ਟੀਮ ਨਾਲ ਗੱਲਬਾਤ ਕਰਦਿਆ ਭੂੰਡ ਮਾਲਿਕ ਨੇ ਦੱਸਿਆ ਕਿ ਇਨ੍ਹਾਂ ਨੂੰ ਭੂੰਡ ਇਸ ਲਈ ਕਿਹਾ ਜਾਂਦਾ ਹੈ ਕਿਉਕਿ ਪੁਰਾਣੀਆਂ ਸੜਕਾਂ ਕੱਚੀਆਂ ਹੁੰਦੀਆਂ ਸੀ ਅਤੇ ਪੈਟਰੋਲ ਇੰਜਣ ਹੋਣ ਕਰਕੇ ਜਦੋਂ ਇਹ ਚੱਲਦੇ ਸੀ ਤੇ ਅਵਾਜ ਬਿਲਕੁਲ ਅਜਿਹੀ ਆਉਂਦੀ ਸੀ, ਜਿਵੇਂ ਭੂੰਡ ਦੀ ਅਵਾਜ਼ ਹੁੰਦੀ ਹੈ। ਦੂਜੇ ਪਾਸੇ, ਇਸ ਦਾ ਆਕਾਰ ਅਤੇ ਰੰਗ ਅਜਿਹਾ ਹੈ ਕਿ ਇਹ (ਕਾਲਾ-ਪੀਲਾ) ਭੂੰਡ ਵਰਗਾ ਲੱਗਦਾ ਹੈ। ਉਨ੍ਹਾਂ ਮੁਤਾਬਕ ਇਸ ਦਾ ਅਗਲਾ ਹਿੱਸਾ ਪੀਲਾ ਅਤੇ ਬਾਕੀ ਹਿੱਸਾ ਕਾਲਾ ਹੁੰਦਾ ਹੈ ਅਤੇ ਇਸ ਉੱਪਰ ਪੀਲੇ ਰੰਗ ਨਾਲ ਪੈਂਟਿੰਗ ਹੁੰਦੀ ਸੀ ਜਿਸ ਕਰਕੇ ਇਹ ਬਿਲਕੁਲ ਭੂੰਡ ਵਰਗੇ ਲੱਗਦੇ ਹਨ।
ਹੁਣ ਹੋਟਲ ਜਾਂ ਹਵੇਲੀਆਂ ਬਾਹਰ ਖੜੇ ਕੀਤੇ ਜਾਂਦੇ: ਭੂੰਡ ਮਾਲਿਕ ਨੇ ਦੱਸਿਆ ਕਿ ਇੱਕ ਸਮਾਂ ਸੀ ਜੱਦ ਪੰਜਾਬ ਵਿੱਚ ਵਿਆਹਾਂ ਸ਼ਾਦੀਆਂ ਵਿੱਚ ਬਰਾਤਾਂ, ਨਾਨਕਾ ਦਾਦਕਾ ਮੇਲ ਇਸ ਵਿੱਚ ਭਰ ਭਰ ਕੇ ਵਿਆਹ ਵਾਲੇ ਘਰ ਜਾਂਦੇ ਹੁੰਦੇ ਸੀ। ਇਸ ਦੇ ਵੱਡੇ ਆਕਾਰ ਕਰਕੇ ਇਸ ਉੱਪਰ ਕਰੀਬ 30 ਤੋਂ 35 ਲੋਕ ਇਕੱਠੇ ਬੈਠਦੇ ਸੀ। ਅੱਜ ਇਸ ਉੱਪਰ ਗਿਣਿਆਂ ਚੁਣੀਆਂ ਸਵਾਰੀਆਂ ਹੀ ਬੈਠਦੀਆਂ ਹਨ, ਜਾਂ ਫਿਰ ਹੁਣ ਉਹ ਲੋਕ ਆਪਣੀਆਂ ਹਵੇਲੀਆਂ ਅਤੇ ਘਰਾਂ ਵਿੱਚ ਇਸ ਨੂੰ ਖੜਾ ਕਰਦੇ ਹਨ, ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਸ਼ੌਕ ਹੈ। ਇਹ ਲੋਕ ਦੱਸਦੇ ਹਨ ਕਿ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜਿੰਨ੍ਹਾਂ ਨੂੰ ਅੱਜ ਵੀ ਐਸੀਆਂ ਚੀਜਾਂ ਨਾਲ ਪਿਆਰ ਹੈ। ਉਨ੍ਹਾਂ ਮੁਤਾਬਕ ਪੰਜਾਬ ਵਿੱਚ ਕਈ ਹਵੇਲੀਆਂ ਅੰਦਰ ਇਹ ਭੂੰਡ ਸਜਾਵਟ ਵਜੋਂ ਰੱਖੇ ਗਏ ਹਨ ਅਤੇ ਕਈ ਵਾਰ ਐਨਆਰਆਈ ਵੀ ਇਨ੍ਹਾਂ ਨੂੰ ਲੈ ਜਾਂਦੇ ਹਨ।
ਦੂਜੇ ਪਾਸੇ, ਇਨ੍ਹਾਂ ਵਿੱਚ ਸਫ਼ਰ ਕਰਣ ਵਾਲਿਆਂ ਸਵਾਰੀਆਂ ਦਾ ਵੀ ਕਹਿਣਾ ਹੈ ਕਿ ਹਾਲਾਂਕਿ ਇਹ ਪੰਜਾਬ ਵਿੱਚ ਹੁਣ ਗਿਣੇ ਚੁਣੇ ਰਹਿ ਗਏ ਹਨ, ਪਰ ਇਨ੍ਹਾਂ ਵਿੱਚ ਸਫ਼ਰ ਕਰਨ ਦਾ ਆਪਣਾ ਹੀ ਮਜਾ ਹੈ।