ਲੁਧਿਆਣਾ:ਇੱਕ ਪਾਸੇ ਜਿੱਥੇ ਟੈਕਨੋਲੋਜੀ ਲਗਾਤਾਰ ਨਵੀਂ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਾਈਬਰ ਠੱਗ ਵੀ ਨਵੀਂ ਤਕਨੀਕ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਠੱਗਣ ਦੇ ਵਿੱਚ ਨਵੇਂ ਨਵੇਂ ਤੌਰ ਤਰੀਕੇ ਅਪਣਾਉਂਦੇ ਰਹਿੰਦੇ ਹਨ। ਪਹਿਲਾਂ ਵਿਦੇਸ਼ਾਂ ਤੋਂ ਰਿਸ਼ਤੇਦਾਰ ਬਣ ਕੇ ਕਾਲ ਕਰਨ ਅਤੇ ਫਿਰ ਕੂਰੀਅਰ ਦੇ ਜਰੀਏ ਠੱਗੀ ਮਾਰਨ ਤੋਂ ਬਾਅਦ ਹੁਣ ਸਾਈਬਰ ਠੱਗਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ। ਜਿਸ ਵਿੱਚ ਉਹ ਨਿਵੇਸ਼ ਕਰਨ ਦਾ ਲਾਲਚ ਦੇ ਕੇ ਭੋਲੇ ਭਾਲੇ ਲੋਕਾਂ ਦੀ ਸਾਰੀ ਉਮਰ ਦੀ ਜਮਾਂ ਪੂੰਜੀ 'ਤੇ ਹੱਥ ਸਾਫ਼ ਕਰ ਜਾਂਦੇ ਹਨ। ਇਥੋਂ ਤੱਕ ਕਿ ਉਹਨਾਂ ਨੂੰ ਨਿਵੇਸ਼ ਦੀ ਲਾਈਵ ਐਪ 'ਤੇ ਤਸਵੀਰਾਂ ਵੀ ਵਿਖਾਈਆਂ ਜਾਂਦੀਆਂ ਹਨ। ਏਆਈ ਟੂਲ ਦਾ ਇਸਤੇਮਾਲ ਕਰਕੇ ਸਾਈਬਰ ਠੱਗ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਜਿਸ ਤੋਂ ਸਤਰਕ ਰਹਿਣ ਦੀ ਬੇਹੱਦ ਲੋੜ ਹੈ। ਜੇਕਰ ਸਮਾਂ ਰਹਿੰਦੇ ਤੁਸੀਂ ਸਾਈਬਰ ਸੈਲ 1930 ਨੰਬਰ 'ਤੇ ਫੋਨ ਕਰਕੇ ਆਪਣੀ ਸ਼ਿਕਾਇਤ ਦਰਜ ਕਰਾਉਂਦੇ ਹੋ ਤਾਂ ਪਾਈਪਲਾਈਨ ਦੇ ਵਿੱਚ ਪੈਸੇ ਰੋਕੇ ਜਾ ਸਕਦੇ ਹਨ ਜਿਸ ਨਾਲ ਤੁਹਾਡੇ ਪੈਸੇ ਵਾਪਿਸ ਆਉਣ ਦੇ ਉਮੀਦ ਵੀ ਬਣੀ ਰਹਿੰਦੀ ਹੈ।
ਰੋਜ਼ਾਨਾ 20 ਮਾਮਲੇ: ਸਾਈਬਰ ਸੈਲ ਲੁਧਿਆਣਾ ਦੇ ਇੰਚਾਰਜ ਜਤਿੰਦਰ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਜਿਨਾਂ ਨੂੰ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਆਜ਼ਾਦੀ ਦਿਹਾੜੇ ਮੌਕੇ ਮੈਡਲ ਵੀ ਦੇਣ ਜਾ ਰਹੇ ਹਨ। ਉਹਨਾਂ ਕਿਹਾ ਕਿ ਇਨਵੈਸਟਮੈਂਟ ਦੇ ਨਾਂ ਤੇ ਠੱਗੀਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਲੁਧਿਆਣਾ ਵਿੱਚ ਹੀ ਸਾਈਬਰ ਠੱਗੀ ਦੇ ਰੋਜ਼ਾਨਾ 20 ਦੇ ਕਰੀਬ ਮਾਮਲੇ ਆ ਰਹੇ ਹਨ। ਉਹਨਾਂ ਕਿਹਾ ਕਿ ਹੁਣ ਹਾਈਕੋਰਟ ਵੀ ਇਸ ਮਾਮਲੇ ਤੇ ਸਖਤ ਹੈ ਅਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਰਿਹਾ ਹੈ। ਜਿਸ ਨਾਲ ਤੁਹਾਡੀ ਜਮਾਂ ਪੂੰਜੀ ਬਚ ਸਕਦੀ ਹੈ। ਉਹਨਾਂ ਕਿਹਾ ਵੀ ਕਿਸੇ ਵੀ ਕੰਪਨੀ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਆਈਐਫਸੀ ਕੋਰਟ ਦੇ ਨਾਲ ਜਰੂਰ ਇਹ ਜਾਣ ਲਿਆ ਜਾਵੇ ਕਿ ਜਿੱਥੇ ਤੁਸੀਂ ਪੈਸੇ ਜਮ੍ਹਾ ਕਰਵਾ ਰਹੇ ਹੋ ਉਹ ਕਿਸ ਬੈਂਕ ਦੇ ਨਾਲ ਸੰਬੰਧਿਤ ਹੈ ਕਿਸ ਸ਼ਹਿਰ ਦੇ ਨਾਲ ਸੰਬੰਧਿਤ ਹੈ ਤਾਂ ਤੁਸੀਂ ਠੱਗੀ ਤੋਂ ਬਚ ਸਕਦੇ ਹੋ।