ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਮੰਗਲਵਾਰ ਨੂੰ ਇਕ ਸੁਰੰਗ 'ਚ ਧਮਾਕਾ ਹੋ ਗਿਆ। ਇਸ 'ਚ ਘੱਟੋ-ਘੱਟ 6 ਫੌਜੀ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਅਗਲੇ ਇਲਾਜ ਲਈ ਰਾਜੌਰੀ ਦੇ ਆਰਮੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਰਿਪੋਰਟ ਦੇ ਮੁਤਾਬਕ ਜ਼ਖਮੀ ਫੌਜੀਆਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਖੰਬਾ ਕਿਲ੍ਹਾ ਰਾਜੌਰੀ ਨੇੜੇ ਗਸ਼ਤ ਦੌਰਾਨ ਅਚਾਨਕ ਸੁਰੰਗ ਦੇ ਧਮਾਕੇ ਵਿੱਚ 6 ਜਵਾਨ ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫੌਜ ਦੇ ਇਕ ਜਵਾਨ ਨੇ ਰੂਟੀਨ ਗਸ਼ਤ ਦੌਰਾਨ ਗਲਤੀ ਨਾਲ ਇਕ ਸੁਰੰਗ 'ਤੇ ਕਦਮ ਰੱਖਿਆ, ਜਿਸ ਕਾਰਨ ਧਮਾਕਾ ਹੋ ਗਿਆ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘੁਸਪੈਠ ਰੋਕੂ ਪ੍ਰਣਾਲੀ ਦੇ ਹਿੱਸੇ ਵਜੋਂ ਕੰਟਰੋਲ ਰੇਖਾ ਦੇ ਨੇੜੇ ਅੱਗੇ ਵਾਲੇ ਖੇਤਰਾਂ ਵਿੱਚ ਬਾਰੂਦੀ ਸੁਰੰਗਾਂ ਵਿਛਾਈਆਂ ਜਾਂਦੀਆਂ ਹਨ। ਕਈ ਵਾਰ ਭਾਰੀ ਮੀਂਹ ਕਾਰਨ ਇਹ ਬਾਰੂਦੀ ਸੁਰੰਗਾਂ ਤਿਲਕ ਜਾਂਦੀਆਂ ਹਨ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।
ਬਾਂਦੀਪੁਰ 'ਚ ਵਾਪਰਿਆ ਸੀ ਹਾਦਸਾ
ਦੱਸ ਦਈਏ ਕਿ ਹਾਲ ਹੀ 'ਚ 4 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੁਰ 'ਚ ਫੌਜ ਦਾ ਇਕ ਟਰੱਕ ਕੰਟਰੋਲ ਤੋਂ ਬਾਹਰ ਹੋ ਕੇ ਪਹਾੜੀ ਤੋਂ ਹੇਠਾਂ ਡਿੱਗ ਗਿਆ ਸੀ, ਜਿਸ 'ਚ 4 ਜਵਾਨ ਸ਼ਹੀਦ ਹੋ ਗਏ ਸਨ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ। ਇਹ ਹਾਦਸਾ ਜ਼ਿਲ੍ਹੇ ਦੇ ਸਦਰ ਕੂਟ ਪਯੇਨ ਇਲਾਕੇ ਦੇ ਕੋਲ ਤੇਜ਼ ਮੋੜ ਲੈਣ ਦੀ ਕੋਸ਼ਿਸ਼ ਦੌਰਾਨ ਡਰਾਈਵਰ ਦਾ ਟਰੱਕ ਤੋਂ ਕੰਟਰੋਲ ਗੁਆ ਬੈਠਾ। ਕੁਝ ਸਿਪਾਹੀਆਂ ਨੂੰ ਗੰਭੀਰ ਸੱਟਾਂ ਲੱਗੀਆਂ।