ਮੋਗਾ: ਬਾਘਾਪੁਰਾਣਾ ਪੁਲਿਸ ਵੱਲੋਂ ਮੋਗਾ ਦੇ ਪਿੰਡ ਭਲੂਰ ਵਿਖੇ ਦੋ ਬਦਮਾਸ਼ਾਂ ਦਾਐਨਕਾਊਂਟਰ ਕੀਤਾ ਗਿਆ। ਇਸ ਦੌਰਾਨ ਇੱਕ ਮੁਲਜ਼ਮ ਦੇ ਗੋਲੀ ਵੱਜੀ ਹੈ, ਜਿਸ ਤੋਂ ਬਾਅਦ ਪੁਲਿਸ ਵਲੋਂ ਜ਼ਖਮੀ ਹੋਏ ਗੈਂਗਸਟਰ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਕੁੱਲ 6 ਬਦਮਾਸ਼ਾਂ ਨੂੰ ਪੁਲਿਸ ਨੇ ਘੇਰਿਆ ਸੀ, ਜਿੰਨਾ ਵਿੱਚੋਂ ਚਾਰ ਬਦਮਾਸ਼ ਮੌਕੇ ਤੋਂ ਹੋਏ ਫ਼ਰਾਰ ਹੋ ਗਏ ਅਤੇ ਦੋ ਬਦਮਾਸ਼ ਪੁਲਿਸ ਨੇ ਮੌਕੇ ’ਤੇ ਗ੍ਰਿਫ਼ਤਾਰ ਕਰ ਲਏ ਹਨ।
ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਮੁਲਜ਼ਮ
ਦੱਸ ਦਈਏ ਕਿ ਇਸ ਦੌਰਾਨ ਪੁਲਿਸ ਵੱਲੋਂ ਬਦਮਾਸ਼ਾਂ ਕੋਲੋਂ ਇੱਕ ਪਿਸਤੌਲ ਤੇ ਜ਼ਿੰਦਾ ਕਾਰਤੂਸ, ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ। ਦੱਸ ਦਈਏ ਕਿ ਸਾਰਾ ਆਪਰੇਸ਼ਨ ਮੋਗਾ ਐਸਐਸਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ ਹੇਠ ਐਸਪੀ ਹੈਡਕੁਾਰਟਰ ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ਵਿਚ ਚਲਾਇਆ ਗਿਆ ਸੀ।
ਪਿੰਡ ਭਲੂਰ ਨੇੜੇ ਸੇਮ ਨਾਲੇ ਕੋਲ ਵਾਪਰੀ ਘਟਨਾ
ਇਹ ਘਟਨਾ ਪਿੰਡ ਭਲੂਰ ਨੇੜੇ ਸੇਮ ਨਾਲੇ ਕੋਲ ਵਾਪਰੀ। ਐਸਪੀਐਚ ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ 6 ਬਦਮਾਸ਼ਾਂ ਨੇ ਪਿੰਡ ਭਲੂਰ ਵਿੱਚ ਇੱਕ ਕਰਿਆਨੇ ਦੀ ਦੁਕਾਨ ਲੁੱਟ ਲਈ ਸੀ ਅਤੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਸੀ। ਅੱਜ ਜਦੋਂ ਸਮਾਲਸਰ ਥਾਣਾ ਇੰਚਾਰਜ ਜਨਕ ਰਾਜ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਬਦਮਾਸ਼ ਸੇਮ ਨਾਲੇ ਦੇ ਕੋਲ ਮੌਜੂਦ ਹਨ।
ਫਰਾਰ ਹੋਏ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ
ਪੁਲਿਸ ਨੇ ਮੁਲਜ਼ਮ ਸੁਖਚੈਨ ਸਿੰਘ ਅਤੇ ਅਮਨਦੀਪ ਸਿੰਘ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ 32 ਬੋਰ, ਇੱਕ ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿਛ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਕੋਲ ਤਿੰਨ ਪਿਸਤੌਲ ਸਨ। ਪੁਲਿਸ ਟੀਮ ਵੱਲੋਂ ਫਰਾਰ ਹੋਏ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।