ਬਠਿੰਡਾ:ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਨਸ਼ਾ ਛੜਾਊ ਕੇਂਦਰ ਅਤੇ ਓਟ ਕਲੀਨਿਕ ਖੋਲੇ ਜਾ ਰਹੇ ਹਨ, ਪਰ ਦੂਸਰੇ ਪਾਸੇ ਇਹਨਾਂ ਨਸ਼ਾ ਛੜਾਊ ਕੇਂਦਰਾਂ ਅਤੇ ਓਟ ਕਲੀਨਿਕਾਂ ਵਿੱਚ ਕੰਮ ਕਰਨ ਵਾਲਾ ਸਟਾਫ ਸਵਾਲਾਂ ਦੇ ਘੇਰੇ ਵਿੱਚ ਆ ਗਿਆ, ਕਿਉਂਕਿ ਪਿਛਲੇ ਦਿਨੀ ਤਲਵੰਡੀ ਸਾਬੋ ਵਿਖੇ ਕਲੀਨਿਕ ਵਿੱਚ ਕੰਮ ਕਰਦੇ ਕੰਪਿਊਟਰ ਆਪਰੇਟਰ ਜੱਬਲ ਨੌ ਨਿਹਾਲ ਸਿੰਘ ਨੂੰ ਪਾਬੰਦੀ ਸ਼ੁਦਾ ਦਵਾਈਆਂ ਨਾਲ ਗ੍ਰਫਤਾਰ ਕੀਤਾ ਹੈ। ਜਿਸ ਕੋਲੋਂ 300 ਪਾਬੰਦੀ ਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।
ਮੁਫਤ ਦਵਾਈਆਂ ਨੂੰ ਪੈਸੇ ਲੈਕੇ ਵੇਚ ਰਿਹਾ ਸੀ ਮੁਲਜ਼ਮ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਸੈਂਟਰ ਵਿੱਚ ਕੰਮ ਕਰਦਾ ਕੰਪਿਊਟਰ ਆਪਰੇਟਰ ਨਸ਼ੀਲੀਆਂ ਦਵਾਈਆਂ, ਜੋ ਸਰਕਾਰ ਵੱਲੋਂ ਮੁਫਤ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਨੂੰ ਹੇਰਾਫੇਰੀ ਰਾਹੀਂ ਬਾਹਰ ਵੇਚਿਆ ਜਾ ਰਿਹਾ ਹੈ ਜਿਸ 'ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਸਰਬਜੀਤ ਕੌਰ ਵੱਲੋਂ ਕੰਪਿਊਟਰ ਆਪਰੇਟਰ ਨੂੰ ਐਨਡੀਪੀਐਸ ਤਹਿਤ ਗ੍ਰਿਫਤਾਰ ਕੀਤਾ ਹੈ।
ਹਸਪਤਾਲ ਦੇ ਡਾਕਟਰ ਵੱਲੋਂ ਕੀਤੀ ਗਈ ਸ਼ਿਕਾਇਤ
ਇਸ ਮੌਕੇ ਨਸ਼ਾ ਛਡਾਓ ਕੇਂਦਰ ਦੇ ਇੰਚਾਰਜ ਡਾਕਟਰ ਅਰੁਣ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਇਸ ਵਿਅਕਤੀ ਖਿਲਾਫ ਸ਼ਿਕਾਇਤਾਂ ਮਿਲ ਰਹੀਆਂ ਸਨ। ਪੁਲਿਸ ਵੱਲੋਂ ਇਸ ਨੂੰ ਪਾਬੰਦੀ ਸ਼ੁਦਾ ਦਵਾਈਆਂ ਨਾਲ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਤਲਵੰਡੀ ਸਾਬੋ ਦੇ ਓਟ ਸੈਂਟਰ ਨੂੰ ਇੱਕ ਵਾਰ ਸੀਲ ਕਰ ਦਿੱਤਾ ਗਿਆ ਹੈ, ਤਾਂ ਜੋ ਓਟ ਸੈਂਟਰ ਵਿਚਲੇ ਸਟੋਕ ਨੂੰ ਵੈਰੀਫਾਈ ਕੀਤਾ ਜਾ ਸਕੇ।