ਬਰਨਾਲਾ:ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਕਤਲ ਮਾਮਲੇ ਦੇ ਮੁਲਜ਼ਮ ਪਿਉ ਪੁੱਤ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੋ ਦਿਨ ਪਹਿਲਾਂ ਵਿਆਹ ਸਮਾਗਮ ਦੌਰਾਨ ਮ੍ਰਿਤਕ ਮੰਗਲ ਸਿੰਘ ਦੀ ਮੁਲਜ਼ਮ ਕਰਨ ਸਿੰਘ ਨਾਲ ਲੜਾਈ ਹੋ ਗਈ ਸੀ। ਜਿਸ ਤੋਂ ਬਾਅਦ ਘਟਨਾ ਸਥਾਨ 'ਤੇ ਆਏ ਮੁਲਜ਼ਮ ਕਰਨ ਸਿੰਘ ਦੇ ਪਿਤਾ ਅਮਰਜੀਤ ਸਿੰਘ ਚਮਕੀਲਾ ਨੇ ਦੂਜੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਵੱਲੋਂ ਨਾਬਾਲਿਗ ਮੁਲਜ਼ਮ ਨੂੰ ਜੁਵੇਨਾਈਲ ਜਸਟਿਸ ਬੋਰਡ ਵਿੱਚ ਪੇਸ਼ ਕਰਕੇ ਬਾਲ ਸੁਧਾਰ ਘਰ ਭੇਜਿਆ ਜਾਵੇਗਾ, ਜਦਕਿ ਦੂਜੇ ਮੁਲਜ਼ਮ ਦਾ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।
ਧਨੌਲਾ ਕਤਲ ਮਾਮਲੇ ਵਿੱਚ ਮੁਲਜ਼ਮ ਪਿਉ ਪੁੱਤ ਗ੍ਰਿਫ਼ਤਾਰ (ETV Bharat (ਬਰਨਾਲਾ, ਪੱਤਰਕਾਰ)) ਪੁਲਿਸ ਵੱਲੋਂ ਕਤਲ ਦਾ ਕੇਸ ਦਰਜ
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਸਤਬੀਰ ਸਿੰਘ ਨੇ ਦੱਸਿਆ ਕਿ 4 ਦਸੰਬਰ ਨੂੰ ਬਰਨਾਲਾ ਦੇ ਕਸਬਾ ਧਨੌਲਾ ਵਿੱਚ ਦਾਣਾ ਮੰਡੀ ਨੇੜੇ ਰਹਿਣ ਵਾਲੇ ਇੱਕ ਨੌਜਵਾਨ ਮੰਗਲ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਕਤਲ ਧਨੌਲਾ ਦੇ ਹੀ ਰਹਿਣ ਵਾਲੇ ਕਰਨ ਸਿੰਘ ਅਤੇ ਉਸ ਦੇ ਪਿਤਾ ਅਮਰਜੀਤ ਸਿੰਘ ਚਮਕੀਲਾ ਵੱਲੋਂ ਕੀਤਾ ਗਿਆ ਸੀ। ਜਿੰਨਾਂ ਉੱਪਰ ਤੁਰੰਤ ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਧਨੌਲਾ ਕਤਲ ਮਾਮਲੇ ਵਿੱਚ ਮੁਲਜ਼ਮ ਪਿਉ ਪੁੱਤ ਗ੍ਰਿਫ਼ਤਾਰ (ETV Bharat (ਬਰਨਾਲਾ, ਪੱਤਰਕਾਰ)) ਟਿੱਢ ਵਿੱਚ ਕਿਰਚਾਂ ਮਾਰ ਕੇ ਕੀਤਾ ਸੀ ਕਤਲ
ਡੀਐਸਪੀ ਬਰਨਾਲਾ ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਨੌਜਵਾਨ ਮੰਗਲ ਸਿੰਘ ਅਤੇ ਕਰਨ ਸਿੰਘ ਇੱਕ ਵਿਆਹ ਦੇ ਸਮਾਗਮ ਵਿੱਚ ਸ਼ਾਮਿਲ ਸਨ। ਇਸ ਦੌਰਾਨ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿਸ ਉਪਰੰਤ ਘਟਨਾ ਸਥਾਨ 'ਤੇ ਕਰਨ ਸਿੰਘ ਦਾ ਪਿਤਾ ਅਮਰਜੀਤ ਸਿੰਘ ਚਮਕੀਲਾ ਪਹੁੰਚ ਗਿਆ। ਉਸ ਨੇ ਮੰਗਲ ਸਿੰਘ ਦੇ ਢਿੱਡ ਵਿੱਚ ਕਿਰਚ ਨਾਲ ਕਈ ਵਾਰ ਕੀਤੇ ਜਿਸ ਨਾਲ ਮੰਗਲ ਸਿੰਘ ਦਾ ਬਹੁਤ ਜਿਆਦਾ ਖੂਨ ਬਹਿ ਗਿਆ ਅਤੇ ਰਸਤੇ ਵਿੱਚ ਹਸਪਤਾਲ ਲੈ ਜਾਂਦੇ ਉਸ ਦੀ ਮੌਤ ਹੋ ਗਈ। ਕਰਨ ਸਿੰਘ ਨਾਬਾਲਿਗ ਹੋਣ ਕਰਕੇ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕੀਤਾ ਗਿਆ ਹੈ ਅਤੇ ਇਸ ਉਪਰੰਤ ਉਸ ਨੂੰ ਬਾਲ ਸੁਧਾਰ ਘਰ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਮਰਜੀਤ ਸਿੰਘ ਚਮਕੀਲਾ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ
ਦੱਸ ਦੇਈਏ ਕਿ ਬਰਨਾਲਾ ਦੇ ਕਸਬਾ ਧਨੌਲਾ ਵਿੱਚ ਇੱਕ 24 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਬੁੱਧਵਾਰ ਦੇਰ ਰਾਤ ਵਾਪਰੀ ਸੀ। ਜਿੱਥੇ ਰਾਤ ਨੂੰ ਵਿਆਹ ਸਮਾਗਮ 'ਚ ਡੀਜੇ 'ਤੇ ਨੱਚ ਰਹੇ ਸਨ। ਇਸੇ ਦੌਰਾਨ ਮ੍ਰਿਤਕ ਨੌਜਵਾਨ ਮੰਗਲ ਸਿੰਘ ਦੀ ਇਕ ਨੌਜਵਾਨ ਕਰਨ ਸਿੰਘ ਨਾਲ ਤਕਰਾਰਬਾਜ਼ੀ ਹੋ ਗਈ ਸੀ। ਜਿਸ ਤੋਂ ਬਾਅਦ ਕਰਨ ਸਿੰਘ ਨੇ ਆਪਣੇ ਪਿਤਾ ਚਮਕੀਲਾ ਸਿੰਘ ਨੂੰ ਬੁਲਾਇਆ ਅਤੇ ਮੰਗਲ ਸਿੰਘ ਦੇ ਪੇਟ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ।