ਅੰਮ੍ਰਿਤਸਰ:ਬੀਤੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਪੰਜਾਬ ਭਰ 'ਚ ਵਿੱਚ ਵੱਖ-ਵੱਖ ਥਾਵਾਂ ਉੱਤੇ ਮੁੱਖ ਸੜਕੀ ਮਾਰਗਾਂ 'ਤੇ ਪੱਕੇ ਮੋਰਚੇ ਲਾਏ ਹੋਏ ਹਨ। ਜਿਸ ਕਾਰਨ ਆਮ ਜਨ ਜੀਵਨ ਵੀ ਬੇਹਾਲ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੇ ਤਹਿਤ ਗੱਲ ਕੀਤੀ ਜਾਵੇ ਜਲੰਧਰ ਅੰਮ੍ਰਿਤਸਰ ਹਾਈਵੇਅ ਦੀ ਤਾਂ ਇਥੇ ਵਿਆਹ ਸਮਾਗਮ 'ਚ ਜਾ ਰਹੇ ਮਲਵਈ ਗਿੱਧੇ ਵਾਲੇ ਨੌਜਵਾਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ।
ਬਰਾਤੀ ਹੋਏ ਖੱਜਲ ਖੁਆਰ
ਹਾਲਾਂਕਿ ਉਕਤ ਧਰਨਿਆਂ ਦੇ ਦੌਰਾਨ ਜਿੱਥੇ ਧਰਨਾਕਾਰੀ ਕਿਸਾਨਾਂ ਨੇ ਕਿਹਾ ਸੀ ਕਿ ਕੋਈ ਵੀ ਮੈਡੀਕਲ ਐਮਰਜੰਸੀ ਹੋਵੇ ਜਾਂ ਫਿਰ ਵਿਆਹ ਸਮਾਗਮਾਂ 'ਤੇ ਜਾਣ ਵਾਲੇ ਲੋਕ ਹੋਣ, ਇਹਨਾਂ ਨੂੰ ਲੰਘਣ ਦੀ ਛੂਟ ਰਹੇਗੀ ਪਰ ਬੀਤੇ ਦਿਨੀਂ ਖਜਲ਼ ਹੋਏ ਬਰਾਤੀਆਂ ਨੇ ਕਿਸਾਨਾਂ ਦੇ ਅਜਿਹੇ ਰਵੱਈਏ 'ਤੇ ਰੋਸ ਪ੍ਰਗਟਾਇਆ। ਭੰਗੜੇ ਵਾਲੇ ਨੌਜਵਾਨ ਨੇ ਕਿਹਾ ਕਿ ਕਿਸਾਨਾਂ ਨੇ ਐਲਾਨ ਕਰਨ ਦੇ ਬਾਵਜੂਦ ਸਾਨੂੰ ਲਾਂਘਾ ਨਹੀਂ ਦਿੱਤਾ। ਇਸ ਦੇ ਨਾਲ ਸਾਨੂੰ ਕੱਚੇ ਰਾਹਾਂ 'ਚ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਜਾਣਾ ਪੈ ਰਿਹਾ।
ਪ੍ਰਸ਼ਾਸਨ ਕਾਰਨ ਹੋਇਆ ਨੁਕਸਾਨ
ਗੱਲਬਾਤ ਦੌਰਾਨ ਨੌਜਵਾਨ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ 7 ਵਜੇ ਲੁਧਿਆਣੇ ਤੋਂ ਚੱਲੇ ਸਨ ਕਿ ਇਸ ਦੌਰਾਨ ਵੱਖ-ਵੱਖ ਜਗ੍ਹਾ ਦੇ ਉੱਤੇ ਟਰੈਫਿਕ ਜਾਮ ਦੌਰਾਨ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਜਿਸ ਤੋਂ ਬਾਅਦ ਢਿਲਵਾਂ ਟੋਲ ਪਲਾਜ਼ਾ 'ਤੇ ਪਹੁੰਚਣ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਰਸਤਾ ਦੇਣ ਤੋਂ ਮਨਾ ਕਰਦੇ ਹੋਏ ਵਾਪਸ ਜਾਣ ਨੂੰ ਕਿਹਾ ਗਿਆ। ਇਸ ਦੌਰਾਨ ਉਹਨਾਂ ਦੀ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ।