ਚੰਡੀਗੜ੍ਹ: ਮਰੂਹਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਲੰਮੇਂ ਸਮੇਂ ਬਾਅਦ ਖੁਸ਼ੀਆਂ ਨੇ ਦਸਤਕ ਦਿੱਤੀ, ਦਰਅਸਲ, ਹਾਲ ਹੀ ਵਿੱਚ ਗਾਇਕ ਦੇ ਪਿਤਾ ਨੇ ਪੂਰੇ ਪਿੰਡ ਨਾਲ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਮਨਾਈ, ਇਸ ਦੌਰਾਨ ਹੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦਾ ਨਵਾਂ ਗਾਣਾ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।
ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ, ਹਾਲ ਹੀ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਬਲਕੌਰ ਸਿੰਘ ਨੇ ਦੱਸਿਆ, 'ਪਹਿਲਾਂ ਤਾਂ ਮੇਰੀ ਇਹ ਇੱਛਾ ਸੀ ਕਿ ਮੇਰਾ ਜਨਮਦਿਨ 5 ਜਨਵਰੀ ਨੂੰ ਹੁੰਦਾ ਹੈ, ਉਸ ਉਤੇ ਗਾਣਾ ਰਿਲੀਜ਼ ਕਰਦੇ, ਜਦੋਂ ਸ਼ੁਭਦੀਪ ਹੁੰਦਾ ਸੀ ਤਾਂ ਸਾਡੀ ਇੱਕ ਰੀਤ ਜਿਹੀ ਸੀ ਕਿ ਅਸੀਂ ਮੇਰੇ ਜਨਮਦਿਨ ਉਤੇ, ਸ਼ੁਭ ਦੀ ਮੰਮੀ ਦੇ ਜਨਮਦਿਨ ਉਤੇ ਅਤੇ ਸ਼ੁਭ ਦੇ ਜਨਮਦਿਨ ਉਤੇ ਗੀਤ ਰਿਲੀਜ਼ ਕਰਿਆ ਕਰਦੇ ਸੀ। ਪਰ ਹੁਣ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਰਹੀਆਂ ਸਨ ਜਿਸ ਕਰਕੇ ਅਸੀਂ ਵੀਡੀਓ ਸ਼ੂਟ ਨਹੀਂ ਕਰ ਪਾਏ, ਇੱਕ ਤਾਂ ਮੌਸਮ ਕਾਰਨ ਅਤੇ ਹੋਰ ਕਈ ਕਾਰਨਾਂ ਕਰਕੇ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ , 'ਹੁਣ ਅਸੀਂ ਅੱਜ ਲੋਹੜੀ ਦੇ ਨਾਲ ਨਾਲ ਵੀਡੀਓ ਸ਼ੂਟ ਕਰ ਰਹੇ ਹਾਂ, ਅਸੀਂ ਤੁਹਾਡੇ ਸਾਹਮਣੇ ਇਹ ਗੀਤ ਜਨਵਰੀ ਵਿੱਚ ਹੀ ਪੇਸ਼ ਕਰ ਦੇਵਾਂਗੇ, ਇਹ ਬਹੁਤ ਵੱਡਾ ਗੀਤ ਹੈ, ਜਿਸ ਨੂੰ ਸਿੱਧੂ ਨੇ ਆਪਣੀ ਆਵਾਜ਼ ਵਿੱਚ ਹੀ ਰਿਕਾਰਡ ਕੀਤਾ ਹੋਇਆ ਹੈ, ਇਹ ਗੀਤ ਹਾਲੇ ਤੱਕ ਲੀਕ ਨਹੀਂ ਹੋਇਆ ਹੈ, ਤੁਹਾਨੂੰ ਇਹ ਬਹੁਤ ਵਧੀਆ ਲੱਗੇਗਾ, ਅਸੀਂ ਉਮੀਦ ਕਰਦੇ ਹਾਂ ਕਿ ਇਸ ਗਾਣੇ ਦਾ ਖੜਾਕਾ ਬਿੱਲਬੋਰਡ ਤੱਕ ਸੁਣੇਗਾ।' ਹੁਣ ਪ੍ਰਸ਼ੰਸਕ ਵੀ ਗੀਤ ਨੂੰ ਲੈ ਕੇ ਕਾਫੀ ਉਤਸ਼ਾਹ ਵਿੱਚ ਆ ਗਏ ਹਨ।
ਇਸ ਦੌਰਾਨ ਜੇਕਰ ਪਹਿਲਾਂ ਰਿਲੀਜ਼ ਹੋਏ ਗੀਤਾਂ ਬਾਰੇ ਗੱਲ ਕਰੀਏ ਤਾਂ ਕਤਲ ਤੋਂ ਬਾਅਦ ਉਨ੍ਹਾਂ ਦੇ ਕੁੱਲ 6 ਗੀਤ ਰਿਲੀਜ਼ ਹੋ ਚੁੱਕੇ ਹਨ। ਇਸਦੇ ਨਾਲ ਹੀ ਉਨ੍ਹਾਂ ਦਾ ਇੱਕ ਗੀਤ ਭਾਰਤ 'ਚ ਬੈਨ ਕੀਤਾ ਗਿਆ ਸੀ। ਇਸ ਗੀਤ ਦਾ ਨਾਂਅ SYL ਸੀ, ਇਸ ਗੀਤ 'ਚ ਮੂਸੇਵਾਲਾ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਚੁੱਕਿਆ ਸੀ।
ਇਸ ਦੌਰਾਨ ਜੇਕਰ ਮਰਹੂਮ ਗਾਇਕ ਬਾਰੇ ਗੱਲ ਕਰੀਏ ਤਾਂ ਗਾਇਕ ਮੂਸੇਵਾਲਾ ਦਾ ਕਰੀਅਰ ਇੱਕ ਗੀਤਕਾਰ ਵਜੋਂ ਸ਼ੁਰੂ ਹੋਇਆ ਸੀ। ਪਰ ਉਨ੍ਹਾਂ ਨੂੰ ਸੰਗੀਤ ਜਗਤ ਵਿੱਚ ਪ੍ਰਸਿੱਧੀ ਇੱਕ ਗਾਇਕ ਵਜੋਂ ਮਿਲੀ। 29 ਮਈ 2022 ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗਾਇਕ ਉਤੇ ਹਮਲਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਉੱਥੇ ਹੀ ਮੌਤ ਹੋ ਗਈ। ਇਸ ਘਟਨਾ ਨੇ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਤੋੜਿਆ।
ਇਹ ਵੀ ਪੜ੍ਹੋ: