ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਵਿਖੇ ਬੀਤੇ ਕੁਝ ਸਮੇਂ ਤੋਂ ਲਗਾਤਾਰ ਧਮਾਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।ਅੰਮ੍ਰਿਤਸਰ ਦੇ ਏਅਰਪੋਰਟ ਰੋਡ ‘ਤੇ ਜੁਝਾਰ ਸਿੰਘ ਐਵੇਨਿਊ ਦੇ ਇੱਕ ਘਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਜਾਣਕਾਰੀ ਅਨੁਸਾਰ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ-ਦੁਆਲੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਨੇ ਕੀਤਾ ਵੱਡਾ ਦਾਅਵਾ
ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਚਾਰੇ ਪਾਸੇ ਘੇਰਾਬੰਦੀ ਕੀਤੀ ਅਤੇ ਜਾਂਚ ਦੌਰਾਨ ਘਰ ਦੇ ਗੇਟ ਵੀ ਬੰਦ ਕਰ ਦਿੱਤੇ, ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਇੱਥੋਂ ਤੱਕ ਕਿ ਜਾਂਚ ਦੌਰਾਨ ਮੀਡੀਆ ਨੂੰ ਵੀ ਘਟਨਾ ਵਾਲੀ ਥਾਂ ਦੇ ਨੇੜੇ ਜਾਣ ਤੋਂ ਰੋਕਿਆ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਪੜਤਾਲ ਦੌਰਾਨ ਕਿਹਾ ਕਿ ਬੰਬ ਧਮਾਕਾ ਨਹੀਂ ਹੋਇਆ ਬਲਕਿ ਇੱਕ ਕੱਚ ਦੀ ਬੋਤਲ ਟੁੱਟੀ ਹੈ, ਜਿਸ ਦੀ ਅਵਾਜ਼ ਸੁਣਾਈ ਦਿੱਤੀ ਤਾਂ ਪਰਿਵਾਰ ਨੇ 112 ਨੰਬਰ ਉੱਤੇ ਫੋਨ ਕਰਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੁਝਾਰ ਸਿੰਘ ਐਵਨਿਊ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਬੰਬ ਧਮਾਕਾ ਨਹੀਂ ਹੋਇਆ।
ਪੁਲਿਸ ਅਤੇ ਮਕਾਨ ਮਾਲਕ ਦੇ ਉਲਝੇ ਜਵਾਬ
ਇਸ ਦੌਰਾਨ ਮਕਾਨ ਮਾਲਕ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਵੱਲੋਂ 112 ਉੱਤੇ ਕਾਲ ਨਹੀਂ ਕੀਤੀ ਗਈ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਧਮਾਕਾ ਨਹੀਂ ਹੋਇਆ। ਪਰਿਵਾਰ ਦੇ ਮੁਤਾਬਿਕ ਸਾਡੇ ਘਰ ਕੋਈ ਧਮਾਕਾ ਨਹੀਂ ਹੋਇਆ ਅਤੇ ਨਾ ਹੀ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ। ਪੁਲਿਸ ਅਤੇ ਮਕਾਨ ਮਾਲਕ ਦੇ ਉਲਝੇ ਹੋਏ ਬਿਆਨ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹੇ ਕਰ ਰਹੇ ਹਨ ਕਿਉਂਕਿ ਹੁਣ ਤੱਕ ਅੰਮ੍ਰਿਤਸਰ ਦੇ ਥਾਣਿਆ ਵਿੱਚ ਕਈ ਧਮਾਕੇ ਹੋ ਚੁੱਕੇ ਹਨ, ਜਿਨ੍ਹਾਂ ਨੂੰ ਕਦੇ ਟਾਇਰ ਪੰਚਰ ਅਤੇ ਕਦੇ ਸਾਈਕਲ ਦੀ ਟਿਉਬ ਫਟਣ ਦਾ ਨਾਮ ਦਿੱਤਾ ਗਿਆ ਹੈ।