ਅੰਮ੍ਰਿਤਸਰ : ਪੰਜਾਬ 'ਚ ਮਾਘੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਰਧਾਲੂਆਂ ਵੱਲੋਂ ਚਾਲੀ ਮੁਕਤਿਆਂ ਦੀ ਯਾਦ ’ਚ ਇਹ ਪਵਿੱਤਰ ਦਿਹਾੜਾ ਦੇਸ਼ ਵਿਦੇਸ਼ਾਂ ਵਿੱਚ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਦੇ ਚੱਲਦੇ ਪਵਿੱਤਰ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਹਨ।
ਗੁਰੂਘਰ ਸੰਗਤ ਨੇ ਟੇਕਿਆ ਮੱਥਾ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੇ ਗੁਰੂਘਰ ਮੱਥਾ ਟੇਕਿਆ ਨਾਲ ਹੀ ਇਸ਼ਨਾਨ ਵੀ ਕੀਤਾ ਅਤੇ ਕੀਰਤਨ ਸੁਣਿਆ। ਮਾਘੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਦੂਰੋਂ ਨੇੜਿਓਂ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀਆਂ ਹਨ। ਇਸ ਮੌਕੇ ਸੰਗਤ ਨੇ ਗੁਰੂ ਘਰ ਆਕੇ ਚੜਦੀਕਲਾ ਦੀ ਅਰਦਾਸ ਕੀਤੀ। ਇਸ ਮੌਕੇ ਗੁਰੂਘਰ ਪਹੁੰਚੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮਾਘੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀਆਂ ਹਨ। ਉਨ੍ਹਾਂ ਨੇ ਇੱਥੇ ਗੁਰੂ ਘਰ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ। ਨਾਲ ਹੀ ਗੁਰਬਾਣੀ ਦਾ ਆਨੰਦ ਵੀ ਮਾਣਿਆ।
ਜ਼ਿਕਰਯੋਗ ਹੈ ਕਿ ਮਾਘੀ ਦੇ ਨਾਲ ਅੱਜ ਸੰਗਰਾਂਦ ਵੀ ਹੈ, ਮਾਘੀ ਦਾ ਤਿਉਹਾਰ ਚਾਲੀ ਮੁਕਤਿਆਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਸ਼ਰਧਾਲੂਆਂ ਨੇ ਕਿਹਾ ਕਿ ਵਾਹਿਗੁਰੂ ਦਾ ਨਾਮ ਲੈਣ ਵਾਲੀਆਂ ਸੰਗਤਾਂ ਦਾ ਭਲਾ ਹੁੰਦਾ ਹੈ। ਜੋ ਆਪ ਲੋਕ ਗੁਰੂ ਦੇ ਨਾਮ ਦਾ ਸਰਵਨ ਕਰਦਾ ਹੈ ਅਤੇ ਹੋਰਨਾ ਲੋਕਾਂ ਨੂੰ ਵੀ ਗੁਰੂ ਨਾਲ ਜੋੜਦੇ ਹਨ, ਉਹਨਾਂ ਦਾ ਵੀ ਭਲਾ ਹੁੰਦਾ ਹੈ। ਸੰਗਤਾਂ ਨੇ ਕਿਹਾ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਨਾ ਪਹੁੰਚ ਸਕੇ ਪਰ ਸ੍ਰੀ ਦਰਬਾਰ ਸਾਹਿਬ ਆਕੇ ਇਸ਼ਨਾਨ ਕਰਕੇ ਸੰਗਤਾਂ ਨਿਹਾਲ ਹੋ ਰਹੀਆਂ ਹਨ।
ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ
ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਵੀ ਲਗਦਾ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਪਹਿਲਾਂ ਖਿਦਰਾਣਾ ਵਜੋਂ ਜਾਣੀ ਜਾਂਦੀ ਸੀ, ਇਸ ਢਾਬ ਦਾ ਮਾਲਕ ਖਿਦਰਾਣਾ ਸੀ, ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਜਲਾਲਾਬਾਦ ਦਾ ਵਸਨੀਕ ਸੀ। ਇਸ ਕਰਕੇ ਇਸ ਦਾ ਨਾਮ ਖਿਦਰਾਣੇ ਦੀ ਢਾਬ ਵਜੋਂ ਮਸ਼ਹੂਰ ਸੀ। ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਕੇ ਦੇ ਸਿੱਖਾਂ ਦੀ ਮਦਦ ਨਾਲ ਮੁਗਲਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ 40 ਮੁਕਤਿਆਂ ਦਾ ਅੰਤਿਮ ਸਸਕਾਰ ਕੀਤਾ ਸੀ। ਇਸ ਤੋਂ ਬਾਅਦ ਇਸ ਦਾ ਨਾਮ ਸ੍ਰੀ ਮੁਕਤਸਰ ਪਿਆ ਸੀ।