ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਉਹ ਅਗਸਤ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਸੁਖਵਿੰਦਰ ਸਿੰਘ ਸੁੱਖੀ ਹੁਣ ਮੁਸ਼ਕਿਲ ਵਿੱਚ ਘਿਰ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਹੈ ਕਿ ਉਹ ਵਕੀਲ ਐਚਸੀ ਅਰੋੜਾ ਵੱਲੋਂ ਵਿਧਾਇਕ ਸੁੱਖੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਪਟੀਸ਼ਨ 'ਤੇ ਵਿਚਾਰ ਕਰਕੇ ਢੁਕਵਾਂ ਫ਼ੈਸਲਾ ਲੈਣ।
ਦਲਬਦਲੂ ਕਾਨੂੰਨ ਲਾਗੂ
ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਵਕੀਲ ਅਰੋੜਾ ਨੇ ਅਦਾਲਤ ਨੂੰ ਦੱਸਿਆ ਸੀ ਕਿ ਸੁੱਖੀ ਨੂੰ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੁਣਿਆ ਸੀ ਪਰ ਉਸ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਇਸ ਲਈ ਉਨ੍ਹਾਂ ਉੱਤੇ ਦਲਬਦਲੂ ਕਾਨੂੰਨ ਲਾਗੂ ਹੁੰਦਾ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
ਸਪੀਕਰ ਨੂੰ ਦੋ ਵਾਰ ਭੇਜਿਆ ਪੱਤਰ, ਪਰ ਕਾਰਵਾਈ ਜ਼ੀਰੋ
ਇਸ ਬਾਬਤ ਉਨ੍ਹਾਂ ਨੇ 4 ਸਤੰਬਰ 2024 ਨੂੰ ਪਟੀਸ਼ਨ ਦਾਇਰ ਕਰਕੇ ਵਿਧਾਨ ਸਭਾ ਸਪੀਕਰ ਕੋਲੋਂ ਵਿਧਾਇਕ ਸੁੱਖੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ 4 ਨਵੰਬਰ 2024 ਨੂੰ ਦੁਬਾਰ ਇੱਕ ਪਟੀਸ਼ਨ ਭੇਜ ਕੇ ਸਪੀਕਰ ਤੋਂ ਮੰਗ ਕੀਤੀ ਗਈ ਸੀ ਕਿ ਉਹ ਪਹਿਲੀ ਅਰਜ਼ੀ ਦੀ ਸੁਣਵਾਈ ਜਲਦੀ ਕਰਨ ਪਰ ਸਪੀਕਰ ਨੇ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਮਜਬੂਰਨ ਵਕੀਲ ਅਰੋੜਾ ਨੂੰ ਹਾਈ ਕੋਰਟ ਦੀ ਸ਼ਰਨ ਲੈਣੀ ਪਈ। ਅਰੋੜਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਬਣਾਏ ਗਏ ਦਲ-ਬਦਲੂ ਨਿਯਮਾਂ ਦੇ ਤਹਿਤ ਪੰਜਾਬ ਵਿਧਾਨ ਸਭਾ (ਦਲ-ਬਦਲ ਦੇ ਅਧਾਰ ਉੱਤੇ ਮੈਂਬਰਾਂ ਦੀ ਅਯੋਗਤਾ) ਨਿਯਮ, 2020, ਵਿਸ਼ੇਸ਼ ਰੂਪ ਨਾਲ ਨਿਯਮ 6(1) ਦੇ ਤਹਿਤ ਅਤੇ ਉਪਰੋਕਤ ਨਿਯਮਾਂ ਦੇ 6(2) ਦੇ ਅਨੁਸਾਰ ਕੋਈ ਵੀ ਵਿਅਕਤੀ ਵਿਧਾਨ ਸਭਾ ਦੇ ਮੈਂਬਰ ਦੇ ਰੂਪ ਵਿੱਚ ਬਣੇ ਰਹਿਣ ਦੀ ਅਯੋਗਤਾ ਦੀ ਮੰਗ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਆਪਣੀ ਅਪੀਲ ਕਰ ਸਕਦਾ ਹੈ। ਇਸੇ ਅਧਾਰ ਉੱਤੇ ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਾਹਮਣੇ ਇਹ ਅਪੀਲ ਦਾਖਲ ਕੀਤੀ ਸੀ।
11 ਫਰਵਰੀ ਨੂੰ ਸਪੀਕਰ ਲੈਣਗੇ ਫ਼ੈਸਲਾ!
ਵਿਧਾਨ ਸਭਾ ਦੇ ਸਕੱਤਰ ਵੱਲੋਂ ਹਾਈ ਕੋਰਟ ਨੂੰ ਭੇਜੀ ਜਾਣਕਾਰੀ ਮੁਤਾਬਿਕ ਹੁਣ ਸਪੀਕਰ 11 ਫਰਵਰੀ ਨੂੰ ਸੁਖਵਿੰਦਰ ਸੁੱਖੀ ਖਿਲਾਫ਼ ਬਦਲ ਬਦਲ ਕਾਨੂੰਨ ਤਹਿਤ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਨਗੇ।
ਸਰਕਾਰ ਨੇ ਸੁੱਖੀ ਨੂੰ ਦਿੱਤਾ ਲੋਹੜੀ ਦਾ ਤੋਹਫ਼ਾ, ਚੇਅਰਮੈਨੀ ਨਾਲ ਨਿਵਾਜਿਆ
ਉੱਧਰ ਪੰਜਾਬ ਸਰਕਾਰ ਨੇ ਹਲਕਾ ਬੰਗਾ ਦੇ ਵਿਧਾਇਕ ਸੁਖਵਿੰਦਰ ਸੁੱਖੀ ਨੂੰ ਲੋਹੜੀ ਦਾ ਤੋਹਫ਼ਾ ਦਿੰਦਿਆਂ ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਬਕਾਇਦਾ ਡਾ. ਸੁੱਖੀ ਦੀ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਸੁੱਖੀ ਨੂੰ ਕੈਬਨਿਟ ਰੈਂਕ ਦੇਣ ਸਬੰਧੀ ਪੱਤਰ ਵੱਖਰੇ ਤੌਰ ਉੱਤੇ ਜਾਰੀ ਕੀਤਾ ਜਾਵੇਗਾ। ਡਾ. ਸੁਖਵਿੰਦਰ ਸਿੰਘ ਸੁੱਖੀ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਉਹ ਅਗਸਤ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।