ਲੁਧਿਆਣਾ:ਪੰਜਾਬ ਦੇ ਵਿੱਚ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਤਹਿਤ ਨਿੱਜੀ ਹਸਪਤਾਲਾਂ ਵੱਲੋਂ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਨਿੱਜੀ ਹਸਪਤਾਲਾਂ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਪਿਛਲੇ ਛੇ ਮਹੀਨੇ ਦਾ 600 ਕਰੋੜ ਰੁਪਏ ਦੇ ਕਰੀਬ ਬਕਾਇਆ ਆਯੁਸ਼ਮਾਨ ਯੋਜਨਾ ਦੇ ਤਹਿਤ ਅਦਾ ਨਹੀਂ ਕੀਤਾ ਗਿਆ। ਜਿਸ ਕਰਕੇ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਵਿੱਚ ਸੂਬੇ ਦੇ 500 ਤੋਂ ਜਿਆਦਾ ਹਸਪਤਾਲ ਸ਼ਾਮਿਲ ਹਨ। ਇਕੱਲੇ ਲੁਧਿਆਣਾ ਦੇ 70 ਹਸਪਤਾਲ ਅਜਿਹੇ ਹਨ ਜੋ ਕਿ ਆਯੁਸ਼ਮਾਨ ਸਕੀਮ ਦੇ ਤਹਿਤ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰ ਰਹੇ ਸਨ ਪਰ ਹੁਣ ਉਹਨਾਂ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨੂੰ ਲੈ ਕੇ ਹੁਣ ਸਿਆਸਤ ਭੱਖਦੀ ਹੋਈ ਨਜ਼ਰ ਆ ਰਹੀ ਹੈ।
ਨਿੱਜੀ ਹਸਪਤਾਲਾਂ ਦਾ ਤਰਕ
ਪੰਜਾਬ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਸੈਕਟਰੀ ਡਾਕਟਰ ਦਿਵਾਆਂਸ਼ੂ ਦੇ ਮੁਤਾਬਿਕ ਲੱਗਭਗ ਇੱਕ ਕਰੋੜ ਰੁਪਏ ਪ੍ਰਤੀ ਹਸਪਤਾਲ ਦਾ ਬਕਾਇਆ ਹੈ, ਜੋ ਕਿ ਸਰਕਾਰ ਵੱਲੋਂ ਅਦਾ ਕੀਤਾ ਜਾਣਾ ਹੈ। ਉਹਨਾਂ ਦੱਸਿਆ ਕਿ ਇਸੇ ਕਰਕੇ ਸਾਨੂੰ ਇਹ ਇਲਾਜ ਹੁਣ ਬੰਦ ਕਰਨਾ ਪੈ ਰਿਹਾ ਹੈ ਕਿਉਂਕਿ ਦਵਾਈਆਂ ਵਾਲੇ ਅਤੇ ਸਰਜਰੀ ਲਈ ਸਮਾਨ ਵੇਚਣ ਵਾਲੇ ਸਾਡੇ ਤੋਂ ਲਗਾਤਾਰ ਪੈਸੇ ਦੀ ਮੰਗ ਕਰ ਰਹੇ ਹਨ ਪਰ ਸਾਡੇ ਫੰਡ ਪਿੱਛੋਂ ਕਲੀਅਰ ਹੀ ਨਹੀਂ ਹੋ ਰਹੇ ਹਨ। ਉਹਨਾਂ ਕਿਹਾ ਕਿ ਆਯੁਸ਼ਮਾਨ ਸਕੀਮ ਦੇ ਤਹਿਤ 5 ਲੱਖ ਰੁਪਏ ਤੱਕ ਦਾ ਫਾਇਦਾ ਲੋਕਾਂ ਨੂੰ ਮਿਲਦਾ ਹੈ। ਉਹਨਾਂ ਕਿਹਾ ਕਿ ਇਥੋਂ ਤੱਕ ਕਿ ਸਰਕਾਰੀ ਹਸਪਤਾਲਾਂ ਵੱਲੋਂ ਜੇਕਰ ਕੋਈ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਵੀ ਸਰਕਾਰੀ ਹਸਪਤਾਲ ਖੁਦ ਇਲਾਜ ਕਰਦੇ ਹਨ, ਜਦੋਂ ਕਿ ਲੋਕਤੰਤਰ ਅਤੇ ਆਯੁਸ਼ਮਾਨ ਕਾਰਡ ਦੀ ਸਕੀਮ ਦੇ ਮੁਤਾਬਕ ਉਹ ਮਰੀਜ਼ ਕਿਤੇ ਵੀ ਇਲਾਜ ਕਰਵਾ ਸਕਦਾ ਹੈ। ਉਹਨਾਂ ਸਾਫ ਕਿਹਾ ਕਿ ਜੋ ਸੁਵਿਧਾਵਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਹਨ ਤੇ ਜੋ ਸਰਜਰੀ ਨਿੱਜੀ ਹਸਪਤਾਲਾਂ ਦੇ ਵਿੱਚ ਹੋ ਰਹੀ ਹੈ, ਉਹ ਸਰਕਾਰੀ ਦੇ ਵਿੱਚ ਨਹੀਂ ਹੁੰਦੀ। ਇਸ ਕਰਕੇ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਈ ਤਰ੍ਹਾਂ ਦੇ ਆਪਰੇਸ਼ਨ ਜਿਵੇਂ ਕਿ ਗੋਡਿਆਂ ਦਾ ਆਪਰੇਸ਼ਨ, ਚੂਲੇ ਦਾ ਆਪਰੇਸ਼ਨ, ਇਸ ਤੋਂ ਇਲਾਵਾ ਹਾਰਟ ਸਰਜਰੀ, ਸਟੰਟ ਦੀ ਸਰਜਰੀ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਸ ਵਿੱਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਦਾ ਹਿੱਸਾ ਹੁੰਦਾ ਹੈ ਪਰ ਸਾਡੇ ਪੈਸੇ ਨਾ ਮਿਲਣ ਕਰਕੇ ਇਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।