ਪੰਜਾਬ

punjab

ETV Bharat / state

ਕੌਣ ਨੇ ਓਂਕਾਰ ਸਿੰਘ ਪਾਹਵਾ? ਜਿਨ੍ਹਾਂ ਨੂੰ ਸਾਈਕਲ ਬਣਾਉਣ ਲਈ ਮਿਲੇਗਾ ਭਾਰਤ ਦਾ ਵੱਡਾ ਸਨਮਾਨ, ਜਾਣੋਂ ਮਿਹਨਤ ਅਤੇ ਦਸਵੰਧ ਨੇ ਕਿਵੇਂ ਬਦਲੀ ਜ਼ਿੰਦਗੀ? - AVON CYCLE MAKER ONKAR SINGH PAHWA

ਓਂਕਾਰ ਸਿੰਘ ਪਾਹਵਾ ਉਹਨਾਂ ਨੌਜਵਾਨਾਂ ਲਈ ਚਾਨਣ ਮੁਨਾਰਾ ਹਨ ਜੋ ਆਪਣਾ ਵਪਾਰ ਸ਼ੁਰੂ ਕਰਨਾ ਚਾਹੁੰਦੇ ਹਨ।

AVON CYCLE MAKER ONKAR SINGH PAHWA
ਕੌਣ ਨੇ ਓਂਕਾਰ ਸਿੰਘ ਪਹਾਵਾ? (ETV Bharat)

By ETV Bharat Punjabi Team

Published : Jan 27, 2025, 4:44 PM IST

Updated : Jan 27, 2025, 8:08 PM IST

ਲੁਧਿਆਣਾ: ਕਿਸੇ ਮੁਕਾਮ 'ਤੱਕ ਪਹੁੰਚਣਾ ਆਸਾਨ ਨਹੀਂ ਹੁੰਦਾ। ਉਸ ਲਈ ਜਿੱਥੇ ਜੀਅ ਤੋੜ ਮਿਹਨਤ ਕਰਨੀ ਪੈਂਦੀ ਹੈ ਉੱਥੇ ਹੀ ਆਪਣਾ ਸਭ ਕੁੱਝ ਨਿਛਾਵਰ ਵੀ ਕਰਨਾ ਪੈਂਦਾ ਹੈ। ਇਸੇ ਮਿਹਨਤ ਅਤੇ ਜਨੂੰਨ ਸਦਕਾ ਅੱਜ ਇੱਕ ਸਾਈਕਲ ਚਲਾਉਣ ਦਾ ਸੁਪਨਾ ਦੇਖਣ ਤੋਂ ਲੈ ਕੇ ਸਾਈਕਲ ਬਣਾਉਣ ਤੱਕ ਸਫ਼ਰ ਤੈਅ ਕਰਨ ਵਾਲੇ ਓਂਕਾਰ ਸਿੰਘ ਦੀ ਬੱਲੇ-ਬੱਲੇ ਹੋਈ ਪਈ ਹੈ।

ਕੌਣ ਨੇ ਓਂਕਾਰ ਸਿੰਘ ਪਹਾਵਾ? (ETV Bharat)

ਪਦਮ ਸ਼੍ਰੀ ਲਈ ਚੋਣ

ਮਸ਼ਹੂਰ ਸਾਈਕਲ ਨਿਰਮਾਤਾ ਕੰਪਨੀ ਏਵਨ ਦੇ ਮੁਖੀ ਓਂਕਾਰ ਸਿੰਘ ਪਾਹਵਾ ਨੂੰ ਪਦਮ ਸ਼੍ਰੀ ਲਈ ਚੁਣਿਆ ਗਿਆ ਹੈ। ਬੀਤੇ ਦਿਨੀਂ ਐਲਾਨ ਕੀਤੇ ਗਏ ਦੇਸ਼ ਦੇ ਚੋਟੀ ਦੇ ਸਨਮਾਨਾਂ ਵਿੱਚੋਂ ਉਹਨਾਂ ਨੂੰ ਪਦਮ ਸ਼੍ਰੀ ਕਾਰੋਬਾਰ ਦੀ ਕੈਟਾਗਰੀ ਵਿੱਚ ਦੇਣ ਦਾ ਫੈਸਲਾ ਲਿਆ ਗਿਆ। ਜਿਸ ਨੂੰ ਲੈ ਕੇ ਓਂਕਾਰ ਸਿੰਘ ਪਾਹਵਾ ਨੇ ਖੁਸ਼ੀ ਜਤਾਈ ਹੈ। ਉਹ ਉਹਨਾਂ ਨੌਜਵਾਨਾਂ ਲਈ ਚਾਨਣ ਮੁਨਾਰਾ ਹਨ ਜੋ ਆਪਣਾ ਵਪਾਰ ਸ਼ੁਰੂ ਕਰਨਾ ਚਾਹੁੰਦੇ ਹਨ।

ਵਿਰਾਸਤ ਵਿੱਚੋਂ ਮਿਲਿਆ ਵਪਾਰ

ਹਾਲਾਂਕਿ ਵਪਾਰ ਦੀ ਕਮਾਨ ਉਹਨਾਂ ਨੂੰ ਪਰਿਵਾਰ ਦੀ ਵਿਰਾਸਤ ਵਿੱਚੋਂ ਮਿਲੀ ਪਰ ਉਸ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਣ ਲਈ ਉਹਨਾਂ ਦਾ ਅਹਿਮ ਰੋਲ ਰਿਹਾ। ਏਵਨ ਸਾਈਕਲ ਦਾ 1150 ਕਰੋੜ ਰੁਪਏ ਦਾ ਟਰਨ ਓਵਰ ਹੈ ਅਤੇ 65 ਮੁਲਕਾਂ ਵਿੱਚ ਏਵਨ ਵੱਲੋਂ ਬਣਾਏ ਗਏ ਸਾਈਕਲ ਜਿਨ੍ਹਾਂ 'ਚ ਪ੍ਰੀਮੀਅਮ ਸਾਈਕਲ, ਗੇਅਰ ਸਾਈਕਲ ਅਤੇ ਬੈਟਰੀ ਨਾਲ ਚੱਲਣ ਵਾਲੇ ਸਾਈਕਲ ਐਕਸਪੋਰਟ ਕੀਤੇ ਜਾਂਦੇ,ਉਹ ਸ਼ਾਮਿਲ ਹਨ । ਓਂਕਾਰ ਸਿੰਘ ਪਾਹਵਾ ਨੇ ਦੱਸਿਆ ਕਿ 1973 ਵਿੱਚ ਉਹਨਾਂ ਨੇ ਪਰਿਵਾਰ ਵੱਲੋਂ ਵਪਾਰ ਨੂੰ ਸੰਭਾਲਣਾ ਸ਼ੁਰੂ ਕੀਤਾ ਸੀ। ਜਿਸ ਤੋਂ ਬਾਅਦ 90 ਦੇ ਦਹਾਕੇ ਵਿੱਚ ਜਾ ਕੇ ਸਾਈਕਲ ਬਣਾਉਣੇ ਸ਼ੁਰੂ ਕੀਤੇ। ਉਹਨਾਂ ਕਿਹਾ ਕਿ ਜੀਵਨ ਵਿੱਚ ਕਾਫੀ ਸੰਘਰਸ਼ ਮੁਕਾਮ ਹਾਸਿਲ ਕਰਨ ਲਈ ਕੀਤਾ ਹੈ। ਇਹ ਐਵਾਰਡ ਸਿਰਫ ਉਹਨਾਂ ਦਾ ਨਹੀਂ ਸਗੋਂ ਸਾਈਕਲ ਕਾਰੋਬਾਰ ਨਾਲ ਜੁੜੇ ਹਰ ਉਸ ਵੱਡੇ ਛੋਟੇ ਸ਼ਖਸ ਦਾ ਹੈ ਜਿਸ ਨੇ ਲੁਧਿਆਣਾ ਦੇ ਸਾਈਕਲ ਨੂੰ ਵਿਸ਼ਵ ਦੇ ਦੂਜੇ ਨੰਬਰ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ।

ਸਾਈਕਲ (ETV Bharat)

ਕਿੰਝ ਮਿਲੀ ਕਾਮਯਾਬੀ

ਇਸ ਦੌਰਾਨ ਉਹਨਾਂ ਸਾਡੀ ਟੀਮ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਸਾਈਕਲ ਨਿਰਮਾਣ ਸ਼ੁਰੂ ਕਰਵਾਇਆ ਅਤੇ ਜ਼ਿੰਦਗੀ ਵਿੱਚ ਉਹਨਾਂ ਨੇ ਕਾਮਯਾਬੀ ਦੇ ਲਈ ਲੰਬਾ ਸੰਘਰਸ਼ ਕੀਤਾ। ਪਾਹਵਾ ਨੇ ਦੱਸਿਆ ਕਿ ਕਾਮਯਾਬੀ ਲਈ ਤੁਹਾਨੂੰ ਤਜ਼ਰਬੇ ਦੀ ਲੋੜ ਪੈਂਦੀ ਹੈ ਜੋ ਕਿ ਤੁਹਾਡੀ ਉਮਰ ਅਤੇ ਕੰਮ ਦੇ ਨਾਲ ਆਉਂਦਾ ਹੈ। ਏਵਨ ਸਾਈਕਲ ਭਾਰਤ ਦੇ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਸਾਈਕਲ ਬਣਾਉਣ ਵਾਲੀ ਕੰਪਨੀ ਹੈ। ਏਵਨ ਸਾਈਕਲ ਬਣਾਉਣ ਦੇ ਨਾਲ ਫਿਟਨੈਸ ਸੰਦ ਵੀ ਬਣਾਉਂਦੀ ਹੈ।

ਕੌਣ ਨੇ ਓਂਕਾਰ ਸਿੰਘ ਪਹਾਵਾ? (ETV Bharat)

ਕੀ ਮੁਸ਼ਕਿਲਾਂ ਆਈਆਂ?

ਓਂਕਾਰ ਸਿੰਘ ਪਾਹਵਾ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਬੈਟਰੀ ਨਾਲ ਚੱਲਣ ਵਾਲੇ ਰਿਕਸ਼ਾ 'ਚ ਏਵਨ 20 ਫੀਸਦੀ ਤੋਂ ਵਧੇਰੇ ਹਿੱਸੇਦਾਰ ਹੈ। ਉਹਨਾਂ ਨੇ ਕੰਮ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਨਾ ਤਾਂ ਇੰਟਰਨੈਟ ਸੀ, ਨਾ ਹੀ ਈਮੇਲ, ਨਾ ਹੀ ਫੋਨ ਅਤੇ ਨਾ ਹੀ ਬੈਂਕਿੰਗ ਸਿਸਟਮ ਵਧੀਆ ਸੀ । ਉਹਨਾਂ ਕਿਹਾ ਕਿ ਅੱਜਕੱਲ ਤਾਂ ਟੈਕਨੋਲਜੀ ਬਹੁਤ ਜਿਆਦਾ ਐਡਵਾਂਸ ਹੋ ਚੁੱਕੀ ਹੈ ਪਰ ਉਹਨਾਂ ਨੇ ਉਸ ਸਮੇਂ ਆਪਣੇ ਬਿਜ਼ਨਸ ਨੂੰ ਸ਼ੁਰੂ ਕੀਤਾ ਸੀ ਜਦੋਂ ਫੋਨ ਕਰਨ ਲਈ ਵੀ ਬੁਕਿੰਗ ਕਰਵਾਉਣੀ ਪੈਂਦੀ ਸੀ। ਉਹਨਾਂ ਕਿਹਾ ਕਿ ਇੱਕ ਫੋਨ ਕਰਨ ਲਈ ਜਦੋ-ਜਹਿਦ ਕਰਨੀ ਪੈਂਦੀ ਸੀ। ਹਾਲਾਂਕਿ ਉਹਨਾਂ ਨੇ ਦੱਸਿਆ ਕਿ ਸਮੇਂ ਦੇ ਨਾਲ ਅਸੀਂ ਆਪਣੇ ਆਪ ਨੂੰ ਬਦਲਿਆ ਅਤੇ ਨਵੀਂ ਐਡਵਾਂਸ ਤਕਨੀਕ ਨੂੰ ਵੀ ਅਪਣਾਇਆ।

ਦਸਵੰਧ ਦਾ ਫਲ

ਓਂਕਾਰ ਸਿੰਘ ਪਾਹਵਾ ਨੇ ਦੱਸਿਆ ਕਿ ਸਾਡੇ ਪਰਿਵਾਰ ਵੱਲੋਂ ਸਮਾਜ ਸੇਵਾ ਵਿੱਚ ਵੀ ਕਾਫੀ ਕੰਮ ਕੀਤੇ ਗਏ ਹਨ। ਅਸੀਂ ਅੱਜ ਵੀ ਆਪਣੇ ਵਪਾਰ ਦਾ ਦਸਵਾਂ ਹਿੱਸਾ ਸੇਵਾ ਲਈ ਕੱਢਦੇ ਹਾਂ। ਜਿਸ ਨਾਲ ਹਸਪਤਾਲਾਂ ਵਿੱਚ ਉਨ੍ਹਾਂ ਲੋਕਾਂ ਦਾ ਇਲਾਜ ਕੀਤਾ ਜਾਂਦਾ ਜੋ ਆਪਣਾ ਇਲਾਜ ਨਹੀਂ ਕਰਵਾ ਸਕਦੇ। ਇਸ ਦੇ ਬਦਲੇ ਲੋਕਾਂ ਦੀਆਂ ਦੁਆਵਾਂ ਮਿਲਦੀਆਂ ਨੇ ਜਿਸ ਦੀ ਬਦੌਲਤ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ। ਉਹਨਾਂ ਦੱਸਿਆ ਕਿ ਲੁਧਿਆਣਾ ਵਿੱਚ ਹਜ਼ਾਰਾਂ ਐਮਐਸਐਮਈ ਨੇ ਜਿਨਾ ਦੇ ਸਦਕਾ ਸਾਈਕਲ ਬਣਾਉਣ ਦਾ ਸਪਨਾ ਸਾਕਾਰ ਹੋ ਸਕਿਆ ਹੈ।

ਸਾਈਕਲ (ETV Bharat)

ਪਰਿਵਾਰ ਦਾ ਅਹਿਮ ਯੋਗਦਾਨ

ਉਹਨਾਂ ਕਿਹਾ ਕਿ 250 ਤੋਂ 300 ਅਜਿਹੇ ਛੋਟੇ ਛੋਟੇ ਯੂਨਿਟ ਨੇ ਜੋ ਸਾਨੂੰ ਸਾਈਕਲ ਪਾਰਟ ਸਪਲਾਈ ਕਰਦੇ ਹਨ। ਆਲ ਓਵਰ ਇੰਡੀਆ ਵਿੱਚ 2000 ਸਾਈਕਲ ਡੀਲਰ ਹਨ। ਉਹਨਾ ਕਿਹਾ ਕਿ ਇਸ ਸਨਮਾਨ ਨਾਲ ਸਾਰਿਆਂ ਵਿੱਚ ਉਤਸ਼ਾਹ ਹੈ ਕਿ ਸਰਕਾਰ ਵੱਲੋਂ ਸਾਈਕਲ ਇੰਡਸਟਰੀ ਨੂੰ ਪ੍ਰਫੁੱਲਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪਰਿਵਾਰ ਦਾ ਇਸ ਉਪਲਬਧੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਖਾਸ ਕਰਕੇ ਉਹਨਾਂ ਦੀ ਪਤਨੀ ਜੋ ਹਮੇਸ਼ਾ ਹੀ ਉਹਨਾਂ ਦੇ ਬੱਚਿਆਂ ਨੂੰ ਸੰਭਾਲਦੀ ਰਹੀ। ਹਰ ਪੀਟੀਐਮ ਉਹਨਾਂ ਨੇ ਜਾ ਕੇ ਅਟੈਂਡ ਕੀਤੀ ਜਦਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਪੀਟੀਐਮ ਹੁੰਦੀ ਕੀ ਹੈ? ਉਹਨਾਂ ਨੇ ਨਾਲ ਹੀ ਨੌਜਵਾਨਾਂ ਨੂੰ ਵੀ ਮਿਹਨਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਲਦੀ ਅਮੀਰ ਹੋਣ ਦਾ ਸੁਪਨਾ ਲੈਣ ਦੀ ਥਾਂ 'ਤੇ ਕਾਮਯਾਬ ਹੋਣ ਦਾ ਸੁਪਨਾ ਲੈਣ ਜ਼ਰੂਰੀ ਹੈ।

Last Updated : Jan 27, 2025, 8:08 PM IST

ABOUT THE AUTHOR

...view details