ਲੁਧਿਆਣਾ: ਪੰਚਾਇਤੀ ਚੋਣਾਂ ਨੂੰ ਲੈਕੇ ਜਿੱਥੇ ਪੁਲਿਸ ਵੱਲੋਂ ਪੁਖਤਾ-ਪ੍ਰਬੰਧਾਂ ਦੀ ਗੱਲ ਕੀਤੀ ਜਾ ਰਹੀ ਹੈ।ਉੱਥੇ ਹੀ ਦੂਜੇ ਪਾਸੇ ਲੁਧਿਆਣਾ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਐਮਐਲਏ ਸੰਜੇ ਤਲਵਾੜ ਦੀ ਗੱਡੀ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਬੀਤੀ ਰਾਤ ਕਿਸੇ ਵੱਲੋਂ ਗੋਲੀ ਚਲਾਈ ਗਈ ਹੈ। ਜਿਸ ਦਾ ਪਤਾ ਸਵੇਰੇ ਡਰਾਈਵਰ ਨੂੰ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਣ ਕਾਰਨ ਪਤਾ ਲੱਗਿਆ। ਕਾਰ ਦਾ ਟੁੱਟਿਆ ਸ਼ੀਸ਼ਾ ਦੇਖ ਕੇ ਲੱਗ ਰਿਹਾ ਕੇ ਗੋਲੀ ਚਲਾਈ ਗਈ ਹੈ ,ਪਰ ਗਨੀਮਤ ਰਹੀ ਕਿ ਉਸ ਸਮੇਂ ਗੱਡੀ 'ਚ ਕੋਈ ਨਹੀਂ ਸੀ।
ਘਟਨਾ ਬਾਰੇ ਕਿੰਝ ਲੱਗਿਆ ਪਤਾ
ਸੰਜੇ ਤਲਵਾੜ ਨੇ ਦੱਸਿਆ ਕਿ ਕੱਲ ਸ਼ਾਮ ਲਗਭਗ 7.30 ਵਜੇ ਦੇ ਕਰੀਬ ਉਹਨਾਂ ਦਾ ਬੇਟਾ, ਨੂੰਹ ਅਤੇ ਗੰਨਮੈਨ ਗੱਡੀ ਲੈ ਕੇ ਘਰ ਆਏ ਸਨ ਅਤੇ ਉਹਨਾਂ ਨੇ ਗੱਡੀ ਘਰ ਦੇ ਬਾਹਰ ਹੀ ਖੜ੍ਹੀ ਕਰ ਦਿੱਤੀ। ਜਦੋਂ ਸਵੇਰੇ ਗੰਨਮੈਨ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਦੇਖਾ ਤਾਂ ਉਸ ਨੇ ਸਾਨੂੰ ਇਸ ਬਾਰੇ ਜਾਣੂ ਕਰਵਾਇਆ। ਸੰਜੇ ਤਲਵਾੜ ਨੇ ਕਿਹਾ ਕਿ ਮੇਰੀ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਨਾਲ ਗੱਲਬਾਤ ਵੀ ਹੋਈ ਹੈ । ਪਲਿਸ ਮੁਤਾਬਿਕ 315 ਬੋਰ ਦੇ ਨਾਲ ਫਾਇਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਹ ਗਲਤੀ ਨਾਲ ਚੱਲੀ ਹੈ ਜਾਂ ਕਿਸੇ ਨੇ ਜਾਣ ਕੇ ਚਲਾਈ ਹੈ। ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਸੰਜੇ ਤਲਵਾੜ ਨੇ ਆਖਿਆ ਕਿ ਰਾਤ 11 ਵਜੇ ਤੋਂ ਲੈ ਕੇ 11:30 ਵਜੇ ਘਰ ਦੇ ਬਾਹਰ ਲੱਗੇ ਕੈਮਰੇ ਜ਼ਰੂਰ ਬੰਦ ਸਨ।