ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ, ਜਦੋਂ ਉਨ੍ਹਾਂ ਦੇ ਹੱਕ ਵਿੱਚ ਪੰਜਾਬੀ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਸਾਥ ਮਿਲ ਗਿਆ। ਬਰਨਾਲਾ ਵਿਖੇ ਬਲਕੌਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਸਮੇਤ ਸਮੁੱਚੇ ਪੰਜਾਬ ਦੀਆਂ ਸੀਟਾਂ ਉਪਰ ਕਾਂਗਰਸ ਪਾਰਟੀ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਮੁੜ ਆਪਣੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਘੇਰਿਆ ਅਤੇ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਵੀ ਚੁੱਕੇ।
ਉਥੇ ਸੁਖਪਾਲ ਖਹਿਰਾ ਨੇ ਬਲਕੌਰ ਸਿੰਘ ਸਿੱਧੂ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਇੱਕ ਕਾਤਲ ਵੱਲੋਂ ਮੀਤ ਹੇਅਰ ਦੀ ਕੰਪੇਨ ਚਲਾਏ ਜਾਣ ਤੇ ਵੀ ਉਨ੍ਹਾਂ ਸਵਾਲ ਉਠਾਏ।
ਕਾਤਲ ਜੇਲ੍ਹਾਂ ਵਿੱਚੋਂ ਸਰ੍ਹੇਆਮ ਇੰਟਰਵਿਊ ਕਰਵਾ ਰਹੇ :ਇਸ ਮੌਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸੀ ਹੈ। ਉਸਦੇ ਪੁੱਤ ਵਲੋਂ ਵੀ ਕਾਂਗਰਸ ਦੀ ਟਿਕਟ ਉਪਰ ਹੀ ਚੋਣ ਲੜੀ ਗਈ ਸੀ। ਜਿਸ ਕਰਕੇ ਉਹ ਪੂਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਨਾਲ ਉਹ ਆਪਣੇ ਪੁੱਤਰ ਦੇ ਇਨਸਾਫ਼ ਲਈ ਗੱਲ ਕਰ ਰਹੇ ਹਨ, ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਭਰੋਸਾ ਵੀ ਮਿਲ ਰਿਹਾ ਹੈ। ਉੱਥੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਸਦੇ ਪੁੱਤ ਦੀ ਮੌਤ ਲਈ ਜਿੰਮੇਵਾਰ ਹੈ। ਉਸਦੀ ਸਕਿਓਰਟੀ ਲੀਕ ਕਰਨ ਕਰਕੇ ਉਸਦੇ ਪੁੱਤ ਦਾ ਕਤਲ ਹੋਇਆ। ਕਾਤਲ ਜੇਲ੍ਹਾਂ ਵਿੱਚੋਂ ਸਰ੍ਹੇਆਮ ਇੰਟਰਵਿਊ ਕਰਵਾ ਰਹੇ ਹਨ, ਪਰ ਅਜੇ ਤੱਕ ਸਰਕਾਰ ਉਸ ਸਬੰਧੀ ਕੋਈ ਜਵਾਬ ਨਹੀਂ ਕੇ ਸਕੀ। ਉੱਥੇ ਨਾਲ ਹੀ ਉਨ੍ਹਾਂ ਕਿਹਾ ਕਿ ਉਸਦੇ ਪੁੱਤ ਦੇ ਕਤਲ ਕੇਸ ਵਿੱਚ ਨਾਮਜ਼ਦ ਵਿਅਕਤੀ ਮੀਤ ਹੇਅਰ ਤੇ ਅਕਾਲੀ ਦਲ ਲਈ ਚੋਣ ਪ੍ਰਚਾਰ ਕਰ ਰਹੇ ਹਨ।