ਮਾਨਸਾ:ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈਕੇ ਅੱਜ ਮਾਨਸਾ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਜ਼ਮਾਂ ਦੀ ਪੇਸ਼ੀ ਹੋਈ। ਅਦਾਲਤ ਵਿੱਚ ਮੁਲਜ਼ਮ ਜਗਤਾਰ ਸਿੰਘ ਮੂਸਾ, ਚਰਨਜੀਤ ਸਿੰਘ ਚੇਤਨ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਖੁੱਦ ਨੂੰ ਬੇਕਸੂਰ ਦੱਸਦੇ ਹੋਏ ਡਿਸਚਾਰਜ ਕਰਨ ਦੀ ਐਪਲੀਕੇਸ਼ਨ ਲਗਾਈ ਹੈ ਅਤੇ ਇਸ ਉੱਤੇ ਹੁਣ 27 ਮਾਰਚ ਨੂੰ ਅਦਾਲਤ ਵਿੱਚ ਬਹਿਸ ਹੋਵੇਗੀ ਅਤੇ ਸਟੇਟਸ ਰਿਪੋਰਟ ਦਾ ਵੀ ਮਾਨਸਾ ਪੁਲਿਸ ਵੱਲੋਂ ਰਿਪਲਾਈ ਦਿੱਤਾ ਜਾਵੇਗਾ। ਮੂਸੇਵਾਲਾ ਕਤਲ ਮਾਮਲੇ ਵਿੱਚ ਅਗਲੀ ਪੇਸ਼ੀ 5 ਅਪ੍ਰੈਲ ਨੂੰ ਹੋਵੇਗੀ।
ਨਹੀਂ ਕਰਨਗੇ ਇਨਸਾਫ਼ ਦੀ ਮੰਗ:ਇਸ ਮੌਕੇਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਪਰ ਅਦਾਲਤ ਉੱਤੇ ਪੂਰਾ ਭਰੋਸਾ ਹੈ। ਉਹਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਅੱਜ ਤੱਕ ਅਦਾਲਤ ਵਿੱਚ ਕੋਈ ਵੀ ਰਿਪਲਾਈ ਪੰਜਾਬ ਪੁਲਿਸ ਵੱਲੋਂ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਮਰਹੂਮ ਮੂਸੇਵਾਲਾ ਦਾ ਕੋਈ ਵੀ ਸਬੰਧ ਗੈਂਗਸਟਰਾਂ ਨਾਲ ਪੰਜਾਬ ਪੁਲਿਸ ਜਾਂ ਕੋਈ ਹੋਰ ਸ਼ਖ਼ਸ ਸਾਬਿਤ ਕਰ ਦੇਵੇ ਤਾਂ ਉਹ ਚੁੱਪ ਬੈਠ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੇ ਇਨਸਾਫ ਦੀ ਮੰਗ ਨਹੀਂ ਕਰਨਗੇ।