ਸ਼ਰਧਾਲੂਆਂ 'ਤੇ ਲੁਟੇਰਿਆਂ ਨੇ ਕੀਤਾ ਹਮਲਾ (Etv Bharat Faridkot) ਫਰੀਦਕੋਟ:ਅੱਜ ਸਵੇਰੇ ਕਰੀਬ ਤਿੰਨ ਵਜੇ ਫਰੀਦਕੋਟ ਨੈਸ਼ਨਲ ਹਾਈਵੇ 54 'ਤੇ ਮੋਟਰਸਾਈਕਲਾਂ 'ਤੇ ਅਮਰਨਾਥ ਦੀ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਉੱਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਤੋਂ ਨਕਦੀ, ਸਮਾਨ ਅਤੇ ਬਾਇਕ ਲੁੱਟ ਕੀਤੀ ਗਈ ਅਤੇ ਨਾਲ ਹੀ ਯਾਤਰੀਆਂ ਦੇ ਗੰਭੀਰ ਸੱਟਾਂ ਵੀ ਮਾਰ ਗਏ।
ਲੁੱਕ ਕੇ ਬੈਠੇ ਤਿੰਨ ਲੁਟੇਰਿਆਂ ਵੱਲੋਂ ਬਾਇਕ 'ਤੇ ਹਮਲਾ:ਜਾਣਕਾਰੀ ਮੁਤਾਬਿਕ ਬਠਿੰਡਾ ਦੇ ਪਿੰਡ ਜੀਦਾ ਤੋਂ ਕਰੀਬ 11 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ 22 ਯਾਤਰੀਆਂ ਦਾ ਜੱਥਾ ਸ਼੍ਰੀ ਅਮਰਨਾਥ ਦੀ ਯਾਤਰਾ ਲਈ ਸਵੇਰੇ ਕਰੀਬ ਦੋ ਵਜੇ ਨਿਕਲਿਆ। ਜਦੋਂ ਉਹ ਕਰੀਬ ਤਿੰਨ ਵਜੇ ਫਰੀਦਕੋਟ ਦੇ ਨਜ਼ਦੀਕ ਪੁੱਜੇ ਤਾਂ ਪਿੰਡ ਚਹਿਲ ਦੇ ਸੇਮਨਾਲੇ ਦੇ ਕੋਲ ਲੁੱਕ ਕੇ ਬੈਠੇ ਤਿੰਨ ਲੁਟੇਰਿਆਂ ਵੱਲੋਂ ਬਾਇਕ 'ਤੇ ਤੇਜ਼ਧਾਰ ਹਥਿਆਰ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਜਿਸ 'ਚ ਇੱਕ ਯਾਤਰੀ ਦੇ ਹੱਥ ਦੀ ਉਂਗਲ ਕੱਟੀ ਗਈ ਅਤੇ ਦੂਜੇ ਦੇ ਲੱਤ 'ਤੇ ਸੱਟਾਂ ਵੱਜੀਆਂ। ਇਸੇ ਹੱਥੋਪਾਈ ਵਿੱਚ ਬਾਇਕ ਡਿੱਗ ਗਈ। ਜਦੋਂ ਯਾਤਰੀ ਆਪਣੀ ਜਾਨ ਬਚਾਉਣ ਲਈ ਖੇਤ ਵੱਲ ਭੱਜੇ ਤਾਂ ਪਿੱਛੋਂ ਲੁਟੇਰੇ ਉਨ੍ਹਾਂ ਦਾ ਬਾਇਕ, ਸਮਾਨ ਨਾਲ ਭਰੇ ਦੋ ਬੈਗ ਅਤੇ ਨਕਦੀ ਵਗੈਰਾ ਲੁੱਟ ਕੇ ਫਰਾਰ ਹੋ ਗਏ।
ਜਖ਼ਮੀ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ:ਯਾਤਰੀਆਂ ਨੇ ਦੱਸਿਆ ਕੇ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਪਿੱਛੇ ਆ ਰਹੇ ਸਨ। ਲੁਟੇਰਿਆਂ ਨੇ ਪਹਿਲਾ ਇੱਕ ਬਾਇਕ ਦੇ ਡਾਂਗ ਮਾਰੀ ਪਰ ਉਹ ਬਚ ਕੇ ਨਿੱਕਲ ਗਿਆ ਪਰ ਪਿੱਛੋਂ ਦੂਜੇ ਬਾਇਕ 'ਤੇ ਬੈਠੇ ਰਹੇ ਦੋ ਲੜਕਿਆਂ ਉੱਤੇ ਹਮਲਾ ਕਰ ਦਿੱਤਾ। ਜਿਨ੍ਹਾਂ ਦੀ ਲੁਟੇਰਿਆਂ ਨਾਲ ਹਥੌਪਾਈ ਵੀ ਹੋਈ ਪਰ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਜਖ਼ਮੀ ਹੋ ਗਏ ਅਤੇ ਇਸ ਲੁੱਟ ਦਾ ਸ਼ਿਕਾਰ ਹੋ ਗਏ। ਪਿੱਛੇ ਦੇਖ ਰਹੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਜਖ਼ਮੀ ਯਾਤਰੀਆਂ ਨੂੰ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦਾ ਇਲਾਜ਼ ਕਰਵਾਇਆ।
ਆਸ-ਪਾਸ ਦੇ cctv ਕੈਮਰੇ ਕੀਤੇ ਜਾ ਰਹੇ ਚੈੱਕ: ਫਿਲਹਾਲ ਪੁਲਿਸ ਵੱਲੋਂ ਘਟਨਾ ਵਾਲੀ ਜਗ੍ਹਾ 'ਤੇ ਆਸ-ਪਾਸ ਦੇ cctv ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਲੁਟੇਰਿਆਂ ਨੂੰ ਫੜਿਆ ਜਾ ਸਕੇ। ਉੱਥੇ ਹੀ ਯਾਤਰੀਆਂ ਵੱਲੋਂ ਅਜਿਹੇ ਹਾਲਾਤਾਂ 'ਤੇ ਚਿੰਤਾ ਪ੍ਰਗਟ ਕਰਦੇ ਕਿਹਾ ਗਿਆ ਕਿ ਪੰਜਾਬ 'ਚ ਅਜਿਹੀਆਂ ਘਟਨਾਵਾਂ ਵਧਣਾ ਚਿੰਤਾ ਦਾ ਕਾਰਨ ਹੈ, ਜਿਸ ਵੱਲ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ।