ਰੂਪਨਗਰ: ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਮੋਰਿੰਡਾ ਦੇ ਵਿੱਚ ਸ਼ਹੀਦੀ ਪੰਦਰਵਾੜੇ ਤਹਿਤ ਹੋਣ ਵਾਲੇ ਇੰਤਜ਼ਾਮਾਂ ਬਾਬਤ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ। ਜ਼ਿਕਰ ਯੋਗ ਹੈ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਵੱਡੇ ਪੱਧਰ ਉੱਤੇ ਸੰਗਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਆਪਣੀ ਸ਼ਰਧਾ ਦੇ ਫੁੱਲ ਸਹੇੜੀ ਦੇ ਗੁਰਦੁਆਰਾ ਸਾਹਿਬ ਵਿਖੇ ਭੇਟ ਕੀਤੇ ਜਾਂਦੇ ਹਨ।
ਸ਼ਹੀਦੀ ਪੰਦਰਵਾੜੇ ਤਹਿਤ ਪ੍ਰਸ਼ਾਸਨ ਨਾਲ ਮੀਟਿੰਗ
ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਸ਼ਹੀਦੀ ਪੰਦਰਵਾੜੇ ਤਹਿਤ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ ਵਿੱਚ ਐਸਡੀਐਮ ਮੋਰਿੰਡਾ, ਡੀਐਸਪੀ ਮੋਰਿੰਡਾ ਅਤੇ ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀ ਮੌਜੂਦ ਰਹੇ। ਦੱਸ ਦਈਏ ਕਿ ਸ਼ਹੀਦੀ ਪੰਦਰਵਾੜੇ ਦੌਰਾਨ ਸੰਗਤ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਵੱਡੇ ਪੱਧਰ ਉੱਤੇ ਨਤਮਸਤਕ ਹੋਇਆ ਜਾਂਦਾ ਹੈ ਅਤੇ ਉਸ ਸਮੇਂ ਵੱਡੇ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਵਿਖੇ 40 ਸਿੰਘਾਂ ਨੇ 10 ਲੱਖ ਦੀ ਮੁਗਲ ਫੌਜ ਦਾ ਮੁਕਾਬਲਾ ਕੀਤਾ ਸੀ ਅਤੇ ਇਸ ਮੌਕੇ ਸਿੰਘਾਂ ਨੇ ਲਾਸਾਨੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ।