ਬਰਨਾਲਾ:ਇੱਕ ਪਾਸੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਤਾਂ ਦੂਜੇ ਪਾਸੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਉਥੇ ਹੀ ਕਈ ਥਾਵਾਂ 'ਤੇ ਉਮੀਦਵਾਰਾਂ ਦਾ ਵਿਰੋਧ ਵੀ ਚੱਲ ਰਿਹਾ ਹੈ। ਜਿਸ 'ਚ ਮੌਜੂਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਖੜੇ ਕੀਤੇ ਗਏ ਉਮੀਦਵਾਰਾਂ ਦਾ ਵਿਰੋਧ ਨਿਰੰਤਰ ਜਾਰੀ ਹੈ। ਜਿਸ ਕਾਰਨ ਪਾਰਟੀ ਦੇ ਕਈ ਪੁਰਾਣੇ ਲੀਡਰ ਜੋ ਬਾਗੀ ਹੋ ਗਏ ਜਾਂ ਕਿਸੇ ਦੂਜੀ ਪਾਰਟੀ 'ਚ ਸ਼ਾਮਲ ਹੋ ਗਏ।
ਗੁਰਦੀਪ ਬਾਠ ਪਾਰਟੀ ਤੋਂ ਬਾਹਰ
ਇਸ ਵਿਚਾਲੇ ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦਾ ਆਪਸੀ ਕਲੇਸ਼ ਵੱਧਦਾ ਹੀ ਜਾ ਰਿਹਾ ਹੈ। ਜਿੱਥੇ ਆਪ ਉਮੀਦਵਾਰ ਹਰਿੰਦਰ ਸਿੰਘ ਦੇ ਵਿਰੋਧ ਵਿੱਚ ਪਾਰਟੀ ਦੇ ਹੀ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਵਲੋਂ ਆਜ਼ਾਦ ਤੌਰ 'ਤੇ ਚੋਣ ਲੜੀ ਜਾ ਰਹੀ ਹੈ। ਇਸ ਸਭ ਦੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਨੇ ਪਾਰਟੀ ਵਿਰੋਧੀ ਗਤੀਵਿਧੀਆ ਦੇ ਦੋਸ਼ਾਂ ਤਹਿਤ ਗੁਰਦੀਪ ਸਿੰਘ ਬਾਠ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਹੈ।
ਆਪ ਵਲੋਂ ਜਾਰੀ ਹੋਇਆ ਪੱਤਰ (ETV BHARAT) ਪਾਰਟੀ ਨੇ ਬਿਆਨਬਾਜ਼ੀ ਨੂੰ ਦੱਸਿਆ ਅਨੁਸ਼ਾਸ਼ਨਹੀਣਤਾ
ਇਸ ਸਬੰਧੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਅਤੇ ਮੁੱਖ ਮੰਤਰੀ ਤੇ ਪੰਜਾਬ ਦੇ AAP ਪ੍ਰਧਾਨ ਭਗਵੰਤ ਮਾਨ ਦੇ ਦਸਤਖ਼ਤ ਹੇਠ ਜਾਰੀ ਚਿੱਠੀ ਵਿੱਚ ਆਮ ਆਦਮੀ ਪਾਰਟੀ ਨੇ ਇਹ ਫ਼ੈਸਲਾ ਕੀਤਾ ਹੈ। ਉਕਤ ਲੈਟਰਹੈਡ 'ਤੇ ਪਾਰਟੀ ਨੇ ਗੁਰਦੀਪ ਸਿੰਘ ਬਾਠ ਉਪਰ ਪਾਰਟੀ ਵਿਰੁੱਧ ਚੋਣ ਲੜਨ ਅਤੇ ਮੀਡੀਆ ਵਿੱਚ ਪਾਰਟੀ ਖਿਲਾਫ਼ ਬਿਆਨਬਾਜ਼ੀ ਕਰਨ ਦੇ ਦੋਸ਼ ਲਗਾਏ ਹਨ। ਜਿਸ ਕਰਕੇ ਪਾਰਟੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਾਰਟੀ ਨੇ ਕਿਹਾ ਹੈ ਕਿ ਇਹ ਗਤੀਵਿਧੀਆਂ ਅਨੁਸਾਸ਼ਨਹੀਣਤਾ ਦਾ ਨਮੂਨਾ ਹੈ। ਜਿਸ ਨੂੰ ਆਮ ਆਦਮੀ ਪਾਰਟੀ ਬਰਦਾਸ਼ਤ ਨਹੀਂ ਕਰ ਸਕਦੀ। ਪਾਰਟੀ ਵਲੋ ਇਸੇ ਦੋਸ਼ਾਂ ਕਾਰਨ ਬਾਠ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ ਗਿਆ ਹੈ। ਪਾਰਟੀ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ।
ਗੁਰਦੀਪ ਸਿੰਘ ਬਾਠ (ETV BHARAT) ਉਮੀਦਵਾਰ ਨਾ ਐਲਾਨੇ ਜਾਣ 'ਤੇ ਬਗਾਵਤ
ਕਾਬਿਲੇਗੌਰ ਹੈ ਕਿ ਗੁਰਦੀਪ ਸਿੰਘ ਬਾਠ ਆਮ ਆਦਮੀ ਪਾਰਟੀ ਦਾ ਕਈ ਸਾਲਾਂ ਤੋਂ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ 'ਤੇ ਸੀ। ਇਸ ਦੌਰਾਨ ਬਰਨਾਲਾ ਜ਼ਿਮਨੀ ਚੋਣ ਲਈ ਉਨ੍ਹਾਂ ਨੂੰ 'ਆਪ' ਦਾ ਮੁੱਖ ਦਾਅਵੇਦਾਰ ਉਮੀਦਵਾਰ ਵਜੋਂ ਮੰਨਿਆ ਜਾ ਰਿਹਾ ਸੀ, ਪਰ ਪਾਰਟੀ ਵਲੋਂ ਉਨ੍ਹਾਂ ਨੂੰ ਦਰਕਿਨਾਰੇ ਕਰਕੇ ਹਰਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ, ਜਿਸ ਤੋਂ ਬਾਅਦ ਗੁਰਦੀਪ ਬਾਠ ਵਲੋਂ ਬਗਾਵਤ ਸ਼ੁਰੂ ਕਰ ਦਿੱਤੀ ਗਈ। ਇਥੇ ਇੱਕ ਗੱਲ ਇਹ ਵੀ ਖਾਸ ਹੈ ਕਿ 'ਆਪ' ਦੇ ਬਰਨਾਲਾ ਤੋਂ ਉਮੀਦਵਾਰ ਹਰਿੰਦਰ ਸਿੰਘ ਦੀ ਸਾਬਕਾ ਖੇਡ ਮੰਤਰੀ ਪੰਜਾਬ ਤੇ ਮੌਜੂਦਾ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨਾਲ ਨੇੜਨਾ ਦੱਸੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਟਿਕਟ ਮਿਲਣ ਦੇ ਚਰਚੇ ਹਨ।