ਲੁਧਿਆਣਾ:ਜ਼ਿਲ੍ਹੇ ਦੇ ਦੁਗਰੀ ਸਥਿਤ ਡਰਮ ਵਾਲਾ ਚੌਂਕ ਵਿੱਚ ਇੱਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇੱਕ ਐਕਟੀਵਾ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਦਰਾਅਸਰ 2 ਕਾਰਾਂ ਵਾਲੇ ਆਪਸ ਵਿੱਚ ਰੇਸ ਲਗਾ ਰਹੇ ਹਨ ਤਾਂ ਇਸੇ ਦੌਰਾਨ ਉਨ੍ਹਾਂ ਵਿੱਚੋਂ ਇੱਕ ਕਾਰ ਸਵਾਰ ਨੇ ਐਕਟੀਵਾ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਸਪੀਡ ਜਿਆਦਾ ਹੋਣ ਕਾਰਨ ਐਕਟੀਵਾ ਸਵਾਰ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਰੇਸ ਲਗਾਉਣ ਦੇ ਚੱਕਰ ’ਚ ਵਾਪਰਿਆ ਵੱਡਾ ਹਾਦਸਾ (Etv Bharat) ਰੇਸ ਲਗਾਉਣ ਦੇ ਚੱਕਰ ’ਚ ਵਾਪਰਿਆ ਵੱਡਾ ਹਾਦਸਾ
ਸਥਾਨਕ ਲੋਕਾਂ ਨੇ ਕਿਹਾ ਕਿ ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ ਹੈ, ਉੱਥੇ ਦੋਵਾਂ ਪਾਸੇ ਸਕੂਲ ਹਨ ਅਤੇ ਰੋਜ਼ਾਨਾ ਹੀ ਇਸ ਰੋਡ ਉੱਤੇ ਸਕੂਲੀ ਨੌਜਵਾਨ ਆਪਣੀਆਂ ਗੱਡੀਆਂ ਦੀ ਰੇਸ ਲਗਾਉਂਦੇ ਹਨ। ਅਜਿਹਾ ਹੀ ਅੱਜ ਹੋ ਰਿਹਾ ਸੀ, ਜਿੱਥੇ ਦੋ ਗੱਡੀਆਂ ਦੀ ਰੇਸ ਲੱਗ ਰਹੀ ਸੀ ਕਿ ਅਚਾਨਕ ਇੱਕ ਗੱਡੀ ਨੇ ਐਕਟੀਵਾ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਐਕਟੀਵਾ ਸਵਾਰ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਉਕਤ ਕਾਰ ਚਾਲਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਨੇ ਮਾਮਲਾ ਕੀਤਾ ਦਰਜ
ਥਾਣਾ ਦੁਗਰੀ ਪੁਲਿਸ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਸੰਬੰਧਿਤ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਕਿਹਾ ਜਾ ਰਿਹਾ ਹੈ ਕਿ 2 ਗੱਡੀਆਂ ਬਰਾਬਰ ਚੱਲ ਰਹੀਆਂ ਸਨ ਅਤੇ ਗੱਡੀਆਂ ਦੀ ਰਫਤਾਰ ਤੇਜ਼ ਹੋਣ ਦੇ ਚੱਲਦਿਆਂ ਇੱਕ ਕਾਰ ਨੇ ਐਕਟੀਵਾ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।