ਚੀਨ ਸਰਹੱਦ 'ਤੇ 17 ਹਜਾਰ ਫੁੱਟ ਦੀ ਉਚਾਈ ਉੱਤੇ ਡਿਊਟੀ ਨਿਭਾਉਂਦੇ ਅੰਮ੍ਰਿਤਸਰ ਦਾ ਜਵਾਨ ਹੋਇਆ ਸ਼ਹੀਦ ਅੰਮ੍ਰਿਤਸਰ:ਸੂਰਵੀਰ ਅਤੇ ਯੋਧਿਆਂ ਦੀ ਧਰਤੀ ਵੱਜੋਂ ਜਾਣੇ ਜਾਂਦੇ ਪੰਜਾਬ ਦੇ ਪਿੰਡ ਜੱਲੁਪੁਰ ਖੇੜਾ ਦਾ ਇੱਕ ਹੋਰ ਫੌਜੀ ਜਵਾਨ ਦੇਸ਼ ਸੇਵਾ ਤੇ ਦੇਸ਼ ਦੀ ਰਾਖੀ ਕਰਦੇ ਹੋਏ ਸਿੱਕਮ ਵਿੱਚ ਚਾਈਨਾ ਬਾਰਡਰ 'ਤੇ ਸ਼ਹੀਦ ਹੋ ਗਿਆ ਹੈ। ਸ਼ਹਾਦਤ ਦਾ ਜਾਮ ਪੀਣ ਵਾਲੇ ਸੂਬੇਦਾਰ ਸੁਖਦੇਵ ਸਿੰਘ, ਜੋ ਕਿ ਸਿੱਕਮ ਦੇ ਚਾਈਨਾ ਬਾਰਡਰ ਦੀਆਂ ਉੱਚੀਆਂ ਬਰਫੀਲੀਆਂ ਪਹਾੜੀਆਂ ਉਤੇ ਡਿਉਟੀ ਨਿਭਾਅ ਰਹੇ ਸਨ, ਜਿਥੇ ਆਕਸੀਜਨ ਦੀ ਘਾਟ ਕਾਰਨ ਉਹਨਾਂ ਦਾ ਸਾਹ ਰੁਕ ਗਿਆ ਅਤੇ ਉਹ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਸ਼ਹੀਦ ਸੂਖਦੇਵ ਕਰੀਬ 17 ਹਜ਼ਾਰ ਫੁੱਟ ਦੀ ਉਚਾਈ 'ਤੇ ਸਨ ਜਿਥੇ ਮਾਈਨਸ 16 ਤੋਂ 20 ਡਿਗਰੀ ਤਾਪਮਾਨ ਸੀ।
ਪਤਨੀ ਨੂੰ ਪਤੀ ਦੀ ਸ਼ਹਾਦਤ 'ਤੇ ਮਾਣ:ਅੱਜ ਉਨ੍ਹਾਂ ਦੀ ਮ੍ਰਿਤਿਕ ਦੇਹ ਪਿੰਡ ਜੱਲੂਪੁਰ ਖੇੜਾ ਪੁੱਜਣ 'ਤੇ ਬੇਹੱਦ ਸੋਗਮਈ ਮਾਹੌਲ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸ਼ਹੀਦ ਦੇ ਪਰਿਵਾਰ ਵੱਲੋਂ ਸੂਬੇਦਾਰ ਸੁਖਦੇਵ ਸਿੰਘ ਦੀ ਸ਼ਹਾਦਤ ਤੇ ਮਾਣ ਮਹਿਸੂਸ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ਼ਹੀਦ ਸੂਬੇਦਾਰ ਸੁਖਦੇਵ ਸਿੰਘ ਸੰਧੂ ਦੀ ਧਰਮ ਪਤਨੀ ਪਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਖਾਤਰ ਲੰਬਾ ਸਮਾਂ ਮਿਹਨਤ ਕੀਤੀ ਹੈ ਅਤੇ ਦੇਸ਼ ਦੀ ਖਾਤਰ ਹੀ ਸਾਰੇ ਕੰਮ ਕੀਤੇ ਹਨ। ਆਪਣਾ ਫਰਜ ਨਿਭਾਊਂਦੇ ਹੋਏ ਉਹ ਦੇਸ਼ ਲਈ ਕੁਰਬਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪਤੀ ਦੀ ਸ਼ਹਾਦਤ 'ਤੇ ਬਹੁਤ ਮਾਣ ਹੈ। ਉਹਨਾਂ ਕਿਹਾ ਕਿ ਜਵਾਨ ਮਿਹਨਤ ਨਾਲ ਕੰਮ ਕਰਨ, ਇਮਾਨਦਾਰੀ ਨਾਲ ਡਿਊਟੀ ਨਿਭਾਉਣ, ਜਿਸ ਤਰਾਂ ਉਨ੍ਹਾਂ ਦੇ ਪਤੀ ਨੇ ਨਿਭਾਈ ਹੈ ਅਤੇ ਤਰੱਕੀਆਂ ਪ੍ਰਾਪਤ ਕਰਨ।
ਪਰਿਵਾਰ ਨੇ ਸਰਕਾਰ ਤੋਂ ਮੰਗਿਆ ਸਹਿਯੋਗ :ਗੱਲਬਾਤ ਦੌਰਾਨ ਸ਼ਹੀਦ ਸੂਬੇਦਾਰ ਸੁਖਦੇਵ ਸਿੰਘ ਦੇ ਚਚੇਰੇ ਭਰਾ ਮਨਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਦੇਸ਼ ਵਾਸਤੇ ਜਾਨ ਵਾਰ ਦਿੱਤੀ ਹੈ ਅਤੇ ਸ਼ਹੀਦ ਹੋਏ ਹਨ।ਉਨ੍ਹਾਂ ਕਿਹਾ ਕਿ ਸੂਬੇਦਾਰ ਸੁਖਦੇਵ ਸਿੰਘ ਸਾਡੇ ਨਗਰ ਦੇ ਪਹਿਲੇ ਸ਼ਹੀਦ ਹਨ। ਉਨ੍ਹਾਂ ਕਿਹਾ ਕਿ ਜਹਾਨ ਤੋਂ ਜਾਣਾ ਹਰ ਇੱਕ ਨੇ ਹੈ ਪਰ ਉਨ੍ਹਾਂ ਦਾ ਭਰਾ ਦੇਸ਼ ਕੌਮ ਵਾਸਤੇ ਕੁਝ ਕਰਕੇ ਗਏ ਹਨ, ਜਿਨ੍ਹਾਂ 'ਤੇ ਸਾਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚੰਗਾ ਲੱਗਾ ਹੈ ਕਿ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋਇਆ ਹੈ ਅਤੇ ਸਥਾਨਕ ਵਿਧਾਇਕ ਸਣੇ ਫ਼ੌਜੀ ਅਧਿਕਾਰੀ ਵੀ ਸਾਡੀ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਕੋਲੋਂ ਤਿੰਨ ਮੰਗਾਂ ਕੀਤੀਆਂ ਹਨ। ਜਿਸ ਵਿੱਚ ਸ਼ਹੀਦ ਸੂਬੇਦਾਰ ਸੁਖਦੇਵ ਸਿੰਘ ਦੇ ਬੇਟੇ ਨੂੰ ਸਰਕਾਰੀ ਨੌਕਰੀ, ਪਿੰਡ ਵਿੱਚ ਸ਼ਹੀਦ ਦੀ ਯਾਦ ਵਿੱਚ ਯਾਦਗਰੀ ਗੇਟ ਅਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਬਣਦੀ ਸਨਮਾਨ ਰਾਸ਼ੀ ਦੇਣਾ ਹੈ ਤਾਂ ਜੋ ਪਰਿਵਾਰ ਆਪਣੀ ਜਿੰਦਗੀ ਬਸਰ ਕਰ ਸਕੇ।
ਵਿਧਾਇਕ ਨੇ ਕੀਤਾ ਦੁੱਖ ਦਾ ਪ੍ਰਗਟਾਵਾ:ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਪ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਸਾਡੇ ਦੇਸ਼ ਦੀ ਰਾਖੀ ਕਰਨ ਵਾਲੇ ਫ਼ੌਜੀ ਜਵਾਨਾਂ ਦੀ ਬਦੌਲਤ ਅਸੀਂ ਰਾਤ ਨੂੰ ਸੁੱਖ ਦੀ ਨੀਂਦੇ ਸੌਂਦੇ ਹਾਂ। ਉਨ੍ਹਾਂ ਕਿਹਾ ਕਿ ਪਿੰਡ ਜੱਲੂਪੁਰ ਖੇੜਾ ਦੇ ਫ਼ੌਜੀ ਜਵਾਨ ਸੁਖਦੇਵ ਸਿੰਘ ਸਿੱਕਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਹਨ। ਅੱਜ ਉਹਨਾਂ ਦੀ ਮ੍ਰਿਤਿਕ ਦੇਹ ਪਿੰਡ ਪੁੱਜਣ ਤੇ ਫ਼ੌਜ ਦੀ ਟੁਕੜੀ ਵਲੋਂ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਜਿੱਥੇ ਪਹੁੰਚ ਕੇ ਮੈਂ ਆਪਣੇ ਵੱਲੋਂ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੂਹ ਆਮ ਆਦਮੀ ਪਾਰਟੀ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਾ ਹਾਂ।