ਪੰਜਾਬ ਦਾ ਪਹਿਲਾ ਪ੍ਰਾਈਵੇਟ ਵੈਦਰ ਸਟੇਸ਼ਨ (ਰਿਪੋਰਟ ( ਬਠਿੰਡਾ-ਰਿਪੋਰਟਰ)) ਬਠਿੰਡਾ:ਆਸਮਾਨ ਵਿੱਚ ਆਏ ਦਿਨ ਹੁੰਦੇ ਪਰਿਵਰਤਨ ਨੂੰ ਛੋਟੇ ਹੁੰਦਿਆਂ ਤੋਂ ਬਠਿੰਡਾ ਦੇ ਪਿੰਡ ਬਲੋ ਦੇ ਨੋਜਵਾਨ ਬਲਜਿੰਦਰ ਸਿੰਘ ਉਤਸੁਕਤਾ ਹੁੰਦੀ ਸੀ ਕਿ ਆਖਰ ਕਦੇ ਧੁੱਪ ਕਦੇ ਛਾਂ ਅਤੇ ਕਦੇ ਮਾਨਸੂਨ ਵਿੱਚ ਤਬਦੀਲੀ ਕਿਸ ਤਰ੍ਹਾਂ ਹੁੰਦੀ ਹੈ। ਬਠਿੰਡਾ ਦੇ ਪ੍ਰਾਈਵੇਟ ਕਾਲਜ ਤੋਂ ਪਰਾਏ ਬੀਐਸਸੀ ਕਰਨ ਉਪਰੰਤ ਬਲਜਿੰਦਰ ਸਿੰਘ ਵੱਲੋਂ ਆਪਣੇ ਪਿੰਡ ਖੇਤ ਵਿੱਚ ਆਪਣਾ ਵੈਦਰ ਸਟੇਸ਼ਨ ਲਗਾਇਆ ਗਿਆ। ਇਸ ਵੈਦਰ ਸਟੇਸ਼ਨ ਰਾਹੀ ਇਕੱਠੀ ਕੀਤੀ ਜਾਣਕਾਰੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਬਲਜਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਗਿਆ ਅਤੇ ਮੌਸਮ ਪੰਜਾਬ ਨਾਮਕ ਪੇਜ ਚਲਾ ਕੇ ਲੋਕਾਂ ਨੂੰ ਮੌਸਮ ਬਾਰੇ ਅਗੇਤੀ ਜਾਣਕਾਰੀ ਉਪਲਬਧ ਕਰਾਈ ਜਾਣ ਲੱਗੀ।
ਬਚਪਣ ਦੇ ਸ਼ੌਂਕ ਨੇ ਦਿੱਤੀ ਸਫਲਤਾ: ਬਲਜਿੰਦਰ ਮੁਤਾਬਿਕ ਇਸ ਸਟੇਸ਼ਨ ਦਾ ਲਾਹਾ ਕਿਸਾਨਾਂ ਨੂੰ ਫਸਲ ਦੀ ਸਾਂਭ ਸੰਭਾਲ ਅਤੇ ਰੌਣੀ ਕਰਨ ਸਮੇਂ ਹੋਣ ਲੱਗਾ, ਬਲਜਿੰਦਰ ਸਿੰਘ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਉਸ ਨੂੰ ਛੋਟੇ ਹੁੰਦਿਆਂ ਤੋਂ ਹੀ ਆਸਮਾਨ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਨਣ ਦਾ ਸ਼ੌਂਕ ਸੀ ਅਤੇ ਉਸ ਵੱਲੋਂ ਲਗਾਤਾਰ ਇਸ ਚੀਜ਼ ਉੱਪਰ ਰਿਸਰਚ ਕੀਤੀ ਜਾ ਰਹੀ ਸੀ। ਬੀਐਸਸੀ ਕਰਨ ਤੋਂ ਬਾਅਦ ਉਸ ਵੱਲੋਂ ਐਮਐਸਸੀ ਕਰਨ ਦਾ ਮਨ ਬਣਾਇਆ ਜਾ ਰਿਹਾ ਸੀ ਪਰ ਘਰ ਦੀਆਂ ਮਜਬੂਰੀਆਂ ਕਾਰਨ ਉਹ ਐਮਐਸਸੀ ਵਿੱਚ ਦਾਖਲਾ ਨਹੀਂ ਲੈ ਸਕਿਆ। ਇਸ ਤੋਂ ਬਾਅਦ ਉਸ ਨੇ ਘਰ ਰਹਿ ਕੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਉਸ ਵੱਲੋਂ ਪ੍ਰਾਈਵੇਟ ਤੌਰ 'ਤੇ ਪੰਜਾਬ ਦਾ ਪਹਿਲਾ ਵੈਦਰ ਸਟੇਸ਼ਨ ਲਗਵਾਇਆ ਗਿਆ।
ਕਿਸਾਨਾਂ ਨੂੰ ਮਿਲ ਰਿਹਾ ਪੂਰਾ ਲਾਹਾ:ਇਸ ਵੈਦਰ ਸਟੇਸ਼ਨ ਸਬੰਧੀ ਉਸਨੂੰ ਅਗੇਤੀ ਮੌਸਮ ਸਬੰਧੀ ਜਾਣਕਾਰੀ ਉਪਲਬਧ ਹੋਣ ਲੱਗੀ ਜਿਸ ਦਾ ਲਾਹਾ ਉਹ ਖੇਤੀਬਾੜੀ ਵਿੱਚ ਲੈਣ ਲੱਗਿਆ ਵੈਦਰ ਸਟੇਸ਼ਨ ਤੋਂ ਮਿਲੀ ਜਾਣਕਾਰੀ ਨੂੰ ਹੌਲੀ ਹੌਲੀ ਉਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਦਿੱਤੀ ਜਾਣ ਲੱਗੀ। ਜਿਸ ਦਾ ਲਾਹਾ ਕਿਸਾਨਾਂ ਵੱਲੋਂ ਲਿਆ ਜਾਣ ਲੱਗਿਆ ਅਤੇ ਉਸ ਵੱਲੋਂ ਦਿੱਤੀ ਗਈ ਸਟੀਕ ਜਾਣਕਾਰੀ ਕਾਰਨ ਕਿਸਾਨਾਂ ਨੂੰ ਮਾਨਸੂਨ, ਹਵਾ ਦੀ ਗਤੀ ਝੱਖੜ ਅਤੇ ਤੂਫਾਨ ਸਬੰਧੀ ਸੂਚਨਾ ਮਿਲਣ ਲੱਗੀ। ਉਸ ਵੱਲੋਂ ਦਿੱਤੀ ਜਾਂਦੀ ਸਟੀਕ ਜਾਣਕਾਰੀ ਕਾਰਨ ਸਰਕਾਰੀ ਵੈਦਰ ਸਟੇਸ਼ਨ ਦੇ ਸਟਾਫ ਵੱਲੋਂ ਵੀ ਉਸ ਨਾਲ ਤਾਲ ਮੇਲ ਕਰਿਆ ਜਾਣ ਲੱਗਿਆ ਅਤੇ ਹੁਣ ਉਹ ਆਪਣੇ ਵੈਦਰ ਸਟੇਸ਼ਨ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ ਰੋਜ਼ਾਨਾ ਆਪਣੇ ਸੋਸ਼ਲ ਮੀਡੀਆ ਪੇਜ ਰਾਹੀਂ ਉਪਲਬਧ ਕਰਾ ਰਹੇ ਹਨ। ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਮੈਸੇਜ ਕਰਕੇ ਉਹਨਾਂ ਤੋਂ ਮੌਸਮ ਦੀ ਜਾਣਕਾਰੀ ਵੀ ਲਈ ਜਾਂਦੀ ਹੈ।
ਉਹਨਾਂ ਕਿਹਾ ਕਿ ਇਸ ਵੈਦਰ ਸਟੇਸ਼ਨ ਨੂੰ ਸਥਾਪਿਤ ਕਰਨ ਲਈ ਆਰਥਿਕ ਮਦਦ ਮੁਹਈਆ ਕਰਵਾਈ ਗਈ ਸੀ ਅਤੇ ਇਹ ਵੈਦਰ ਸਿਸਟਮ ਸੂਰਜੀ ਊਰਜਾ ਨਾਲ ਚਲਦਾ ਹੈ। ਜਿਸ ਦੀ ਜਾਣਕਾਰੀ ਪਲ ਪਲ ਉਹਨਾਂ ਨੂੰ ਆਪਣੇ ਮੋਬਾਈਲ 'ਤੇ ਉਪਲਬਧ ਹੁੰਦੀ ਹੈ ਅਤੇ ਫਿਰ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਮੌਸਮ ਸਬੰਧੀ ਜਾਣਕਾਰੀ ਦਿੰਦੇ ਹਨ। ਸ਼ੁਰੂ-ਸ਼ੁਰੂ ਵਿੱਚ ਪਰਿਵਾਰ ਵੱਲੋਂ ਉਸ ਦੇ ਇਸ ਕਾਰਜ ਦਾ ਵਿਰੋਧ ਕੀਤਾ ਜਾਣ ਲੱਗਿਆ। ਕਿਉਂਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਉਨਾਂ ਨੂੰ ਇਸ ਦਾ ਕੋਈ ਬਹੁਤਾ ਲਾਭ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ ਪਰ ਹੁਣ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਮਿਲ ਰਹੇ ਲਾਹੇ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ।