ਰੰਜਿਸ਼ ਦੇ ਚੱਲਦੇ ਵਾਰਦਾਤ (ETV BHARAT) ਫਰੀਦਕੋਟ:ਜ਼ਿਲ੍ਹਾ ਪੁਲਿਸ ਮੁਖੀ ਦੇ ਬਦਲਦਿਆਂ ਹੀ ਵੱਡੀ ਅਪਰਾਧਿਕ ਵਾਰਦਾਤ ਵਾਪਰੀ ਹੈ। ਜ਼ਿਲ੍ਹੇ ਦੇ ਪਿੰਡ ਬੇਗੂਵਾਲਾ ਵਿਚ ਦੇਰ ਰਾਤ ਇਕ ਘਰ ਵਿਚ ਦਾਖ਼ਲ ਹੋ ਕੇ ਦੋ ਦਰਜਨ ਤੋਂ ਵੱਧ ਹਥਿਆਰਬੰਦ ਲੋਕਾਂ ਨੇ ਪੂਰੇ ਪਰਿਵਾਰ ਦੀ ਕਥਿਤ ਕੁੱਟਮਾਰ ਕੀਤੀ ਅਤੇ ਘਰ ਵਿਚ ਪਏ ਸਮਾਨ ਦੀ ਭੰਨਤੋੜ ਕੀਤੀ। ਇਸ ਦੇ ਨਾਲ ਹੀ ਹਮਲਾਵਰਾਂ ਨੇ ਪਰਿਵਾਰ ਦੇ ਨਾਲ-ਨਾਲ ਘਰ ਅੰਦਰ ਖੜ੍ਹੇ ਪਸ਼ੂਆਂ ਦੇ ਵੀ ਪੱਥਰ ਤੇ ਇੱਟਾਂ ਮਾਰੀਆਂ। ਇਸ ਦੌਰਾਨ ਪਰਿਵਾਰ ਨੇ ਕਮਰੇ ਅੰਦਰ ਵੜ ਕੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਰੰਜਿਸ਼ ਕਾਰਨ ਪਰਿਵਾਰ ਦੀ ਕੁੱਟਮਾਰ: ਪੀੜਤ ਪਰਿਵਾਰ ਨੇ ਪੁਲਿਸ 'ਤੇ ਦੋਸ਼ ਲਗਾਏ ਕਿ ਪੁਲਿਸ ਚੌਕੀ ਦੇ ਇੰਚਾਰਜ ਕਾਫੀ ਦੇਰ ਬਾਅਦ ਮੁਸ਼ਕਿਲ ਨਾਲ ਹੀ ਘਟਨਾ ਸਥਾਨ 'ਤੇ ਪਹੁੰਚੇ। ਜਿਸ ਤੋਂ ਬਾਅਦ ਗੰਭੀਰ ਹਾਲਤ 'ਚ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੇਰ ਰਾਤ ਜਦੋਂ ਉਹ ਆਪਣੇ ਘਰ ਵਿਚ ਰੋਟੀ ਖਾ ਰਹੇ ਸਨ ਤਾਂ ਵੱਡੀ ਗਿਣਤੀ ਵਿਚ ਹਥਿਆਰਾਂ ਨਾਲ ਲੈਸ ਬੰਦੇ ਉਹਨਾਂ ਦੇ ਘਰ ਅੰਦਰ ਦਾਖਲ ਹੋਏ ਅਤੇ ਉਹਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਪੁਲਿਸ 'ਤੇ ਲਾਏ ਇਲਜ਼ਾਮ: ਉਹਨਾਂ ਦੱਸਿਆ ਕਿ ਅਸੀਂ ਕਮਰੇ ਅੰਦਰ ਵੜ ਕੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਅਤੇ ਹਮਲਾਵਰ ਜਾਂਦੇ ਹੋਏ ਉਹਨਾਂ ਦੇ ਘਰ ਦੇ ਸਮਾਨ ਦੀ ਬੁਰੀ ਤਰਾਂ ਭੰਨਤੋੜ ਵੀ ਕਰ ਗਏ। ਉਹਨਾਂ ਦੱਸਿਆ ਕਿ ਇਸ ਹਮਲੇ ਵਿਚ ਉਹਨਾਂ ਦੇ ਪਰਿਵਾਰ ਦੇ 3 ਲੋਕ ਜ਼ਖ਼ਮੀਂ ਹੋਏ ਹਨ ਅਤੇ ਇਕ ਦੇ ਸਿਰ ਵਿਚ ਕਾਫੀ ਡੂੰਘੀਆ ਸੱਟਾਂ ਮਾਰੀਆ ਗਈਆਂ। ਉਹਨਾਂ ਦੱਸਿਆ ਕਿ ਹਮਲਾਵਰਾਂ ਨੇ ਉਹਨਾਂ ਦੇ ਘਰੇ ਖੜ੍ਹੇ ਮੋਟਰਸਾਇਕਲ ਵੀ ਭੰਨ ਦਿੱਤੇ ਅਤੇ ਪਸ਼ੂਆਂ ਦੇ ਵੀ ਪੱਥਰ ਤੇ ਇੱਟਾਂ ਮਾਰੀਆਂ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਮੌਕੇ 'ਤੇ ਪੁਲਿਸ ਵੀ ਕਾਫੀ ਦੇਰੀ ਨਾਲ ਪਹੁੰਚੀ ਅਤੇ ਹਾਲੇ ਤੱਕ ਕੋਈ ਵੀ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ। ਉਹਨਾਂ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਦਿੱਤਾ ਜਾਵੇ।
ਪੁਲਿਸ ਨੇ ਆਖੀ ਜਾਂਚ ਦੀ ਗੱਲ: ਇਸ ਪੂਰੇ ਮਾਮਲੇ ਸੰਬੰਧੀ ਜਦੋਂ ਡੀਐਸਪੀ ਫਰੀਦਕੋਟ ਸ਼ਮਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਦੇਰ ਰਾਤ ਇਕ ਪਰਿਵਾਰ ਦੇ ਘਰ 'ਤੇ ਹਮਲਾ ਹੋਇਆ ਅਤੇ ਕੁੱਟਮਾਰ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਜ਼ਖ਼ਮੀ ਹੋਏ ਹਨ। ਉਹਨਾਂ ਦੱਸਿਆ ਕਿ ਇਹ ਏਰੀਆ ਗੋਲੇਵਾਲਾ ਚੌਂਕੀ ਅਧੀਨ ਆਉਂਦਾ ਹੈ ਅਤੇ ਰਾਤ ਸਮੇਂ ਚੌਂਕੀ ਇੰਚਾਰਜ ਮੌਕੇ 'ਤੇ ਪਹੁੰਚੇ ਸਨ। ਉਹਨਾਂ ਦੱਸਿਆ ਕਿ ਜ਼ਖ਼ਮੀ ਹਸਪਤਾਲ ਵਿਚ ਦਾਖਲ ਹਨ ਅਤੇ ਹਾਲੇ ਤੱਕ ਸਾਡੇ ਪਾਸ ਕੋਈ ਐਮਐਲਆਰ ਨਹੀਂ ਆਈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਾਡੇ ਕੋਲ ਕੋਈ ਐਮਐਲਆਰ ਆਵੇਗੀ, ਉਸੇ ਮੁਤਾਬਿਕ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।