ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਦੇ ਵਿੱਚ ਆਏ ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਅੱਜ ਤੜਕਸਾਰ ਸਵੇਰੇ ਕਰੀਬ ਸਵਾ ਦੋ ਵਜੇ ਅਣਪਛਾਤੇ ਚੋਰਾਂ ਵੱਲੋਂ ਕਸਬਾ ਖਲਚੀਆਂ ਨੇੜੇ ਪੈਂਦੇ ਪਿੰਡ ਫੱਤੂਵਾਲ ਦੇ ਅੱਡੇ 'ਤੇ ਸਥਿਤ 4 ਦੁਕਾਨਾਂ ਦੇ ਜਿੰਦਰੇ ਤੋੜ ਦਿੱਤੇ ਗਏ ਅਤੇ ਉੱਥੇ ਚੋਰੀ ਦੀ ਘਟਨਾ ਨੂੰ ਬੇਖੌਫ਼ ਹੋ ਕੇ ਅੰਜ਼ਾਮ ਦਿੱਤਾ ਗਿਆ।
ਅਣਪਛਾਤੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜ਼ਾਮ
ਚੋਰੀ ਦੀ ਉਕਤ ਘਟਨਾ ਦੁਕਾਨ ਦੇ ਬਾਹਰ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਚੋਰਾਂ ਵੱਲੋਂ ਦੁਕਾਨ ਦੇ ਸ਼ਟਰ ਤੋੜਦਿਆਂ ਤੋਂ ਲੈ ਕੇ ਚੋਰੀ ਕਰਦਿਆਂ ਤੱਕ ਦੀਆਂ ਤਸਵੀਰਾਂ ਕੈਮਰਿਆਂ ਵਿੱਚ ਕੈਦ ਹੋ ਚੁੱਕੀਆਂ ਹਨ। ਉਕਤ ਚੋਰੀ ਦੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਬਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਇਸ ਅੱਡੇ ਉੱਤੇ ਦੋ ਦੁਕਾਨਾਂ ਹਨ ਅਤੇ ਦੋ ਉਨ੍ਹਾਂ ਦੇ ਹੋਰ ਨਜ਼ਦੀਕੀਆਂ ਦੀਆਂ ਦੁਕਾਨਾਂ ਹਨ, ਜਿਸ ਵਿੱਚ ਮਠਿਆਈ, ਮੋਬਾਇਲ ਰਿਪੇਅਰ, ਸਕੂਟਰ ਮੋਟਰਸਾਈਕਲ, ਗਰੋਸਰੀ ਸਟੋਰ ਸਮੇਤ ਹੋਰ ਵੱਖ-ਵੱਖ ਦੁਕਾਨਾਂ ਸ਼ਾਮਲ ਹਨ। ਜਿੱਥੇ ਕਿ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।
ਅੱਠਵੀਂ ਵਾਰ ਛੇ ਦੁਕਾਨਾਂ 'ਤੇ ਚੋਰੀ (ETV Bharat (ਪੱਤਰਕਾਰ , ਅੰਮ੍ਰਿਤਸਰ)) ਸ਼ਿਕਾਇਤ ਦੇਣ ਦੇ ਬਾਵਜੂਦ ਵੀ ਨਹੀਂ ਹੋਈ ਕਾਰਵਾਈ
ਦੁਕਾਨਦਾਰ ਬਲਰਾਜ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਤੋਂ ਪਹਿਲਾਂ ਸੱਤ ਵਾਰ ਉਨ੍ਹਾਂ ਦੀਆਂ ਦੁਕਾਨਾਂ ਉੱਤੇ ਚੋਰੀ ਹੋ ਚੁੱਕੀ ਹੈ ਅਤੇ ਹਰ ਵਾਰ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਚੋਰਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਿਰਫ਼ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਇੱਕ ਸਾਲ ਪਹਿਲਾਂ ਉਨ੍ਹਾਂ ਦੀਆਂ ਦੁਕਾਨਾਂ ਉੱਤੇ ਚੋਰੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਤੌਰ 'ਤੇ ਚੋਰਾਂ ਦੀ ਭਾਲ ਕੀਤੀ ਗਈ ਅਤੇ ਚੋਰਾਂ ਨੂੰ ਕਾਬੂ ਕਰਕੇ ਥਾਣਾ ਖਲਚੀਆਂ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ।
ਦੁਕਾਨਦਾਰ ਬਲਰਾਜ ਸਿੰਘ ਨੇ ਕਿਹਾ ਕਿ ਜਿਸ ਦੇ ਬਾਵਜੂਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦੀ ਬਜਾਏ ਚੋਰਾਂ ਨਾਲ ਮਿਲੀ ਭੁਗਤ ਕਰਦੇ ਹੋਏ, ਦੁਕਾਨਦਾਰ ਨੂੰ ਇਹ ਕਿਹਾ ਗਿਆ ਕਿ ਚੋਰ ਅਮਲੀ ਹਨ ਅਤੇ ਕੁੱਟਮਾਰ ਕਰਨ 'ਤੇ ਜੇਕਰ ਮਰ ਗਏ ਅਤੇ ਉਨ੍ਹਾਂ 'ਤੇ ਕਾਰਵਾਈ ਹੋ ਸਕਦੀ ਹੈ। ਜਿਸ ਕਾਰਨ ਇਸ ਵਾਰ ਉਹ ਚੋਰੀ ਹੋਣ ਉੱਤੇ ਥਾਣਾ ਖਲਚੀਆਂ ਨਹੀਂ ਗਏ ਬਲਕਿ ਪੁਲਿਸ ਨੂੰ ਫੋਨ ਦੇ ਉੱਤੇ ਸੂਚਿਤ ਕਰ ਦਿੱਤਾ। ਪਰ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪੁਲਿਸ ਇਸ ਵਾਰ ਵੀ ਕੋਈ ਕਾਰਵਾਈ ਨਹੀਂ ਕਰੇਗੀ। ਉਨ੍ਹਾਂ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਥਾਨਕ ਪੁਲਿਸ ਵੱਲੋਂ ਦਿੱਤੀ ਗਈ ਢਿੱਲ ਅਤੇ ਕਾਰਵਾਈ ਦੇ ਸੰਬੰਧੀ ਜਾਣੂ ਹੋ ਕੇ ਤੁਰੰਤ ਐਕਸ਼ਨ ਲਿਆ ਜਾਵੇ ਤਾਂ ਜੋ ਇਲਾਕੇ ਵਿੱਚ ਚੋਰਾਂ ਨੂੰ ਨੱਥ ਪਾਈ ਜਾ ਸਕੇ।