ਸੰਗਰੂਰ:ਜੇਲ੍ਹ ਵਿੱਚ ਬੀਤੇ ਦਿਨ ਕੈਦੀਆਂ ਵਿਚਾਲੇ ਹੋਈ ਝੜਪ ਦੌਰਾਨ ਦੋ ਕੈਦੀਆਂ ਦੀ ਮੌਤ ਹੋ ਗਈ ਸੀ। ਇਸ ਝੜਪ ਵਿੱਚ ਦੋ ਕੈਦੀ ਗੰਭੀਰ ਜ਼ਖ਼ਮੀ ਵੀ ਹੋਏ ਹਨ। ਹੁਣ ਦੋਵਾਂ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਅਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜ਼ਖ਼ਮੀ ਕੈਦੀ ਇਲਾਜ ਅਧੀਨ ਹਨ। ਡੀਆਈਜੀ ਹਰਚੰਦ ਸਿੰਘ ਭੁੱਲਰ ਮੁਤਾਬਿਕ ਉਨ੍ਹਾਂ ਵੱਲੋਂ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਕੁੱਲ੍ਹ 10 ਕੈਦੀਆਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਗੈਂਗਵਾਰ ਨਹੀਂ, ਨਿੱਜੀ ਰੰਜਿਸ਼ ਦੇ ਚਲਦੇ ਹੋਈ ਝੜਪ: ਡੀਆਈਜੀ ਹਰਚੰਦ ਸਿੰਘ ਭੁੱਲਰ ਮੁਤਾਬਿਕ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਇਹ ਝੜਪ ਹੋਈ ਅਤੇ ਇਸ ਝੜਪ ਦਾ ਕਾਰਣ ਕੋਈ ਨਿੱਜੀ ਰੰਜਿਸ਼ ਹੈ ਅਤੇ ਇਹ ਗੈਂਗਵਾਰ ਨਹੀਂ ਹੈ। ਉਨ੍ਹਾਂ ਆਖਿਆ ਕਿ ਆਪਸ ਵਿੱਚ ਲੜਨ ਵਾਲੇ ਕੈਦੀ ਪਹਿਲਾਂ ਸਾਥੀ ਸਨ ਅਤੇ ਜੇਲ੍ਹ ਅੰਦਰ ਇਕੱਠੇ ਹੀ ਰਹਿੰਦੇ ਸਨ ਬਾਅਦ ਵਿੱਚ ਕਿਸੇ ਗੱਲ ਨੂੰ ਲੈਕੇ ਇਨ੍ਹਾਂ ਵਿੱਚ ਮਾਮੂਲੀ ਝੜਪ ਹੋਈ ਅਤੇ ਝੜਪ ਕਤਲ ਤੱਕ ਪਹੁੰਚ ਗਈ।
ਵਾਰਦਾਤ ਦੌਰਾਨ ਵਰਤੇ ਗਏ ਹਥਿਆਰ:ਡੀਆਈਜੀ ਹਰਚੰਦ ਸਿੰਘ ਭੁੱਲਰ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਵਾਰਦਾਤ ਸ਼ਾਮ 7 ਵਜੇ ਦੇ ਕਰੀਬ ਹੋਈ ਜਦੋਂ ਕੈਦੀਆਂ ਦੀ ਗਿਣਤੀ ਹੋ ਰਹੀ ਸੀ। ਉਨ੍ਹਾਂ ਕਿਹਾ ਕਿ 4 ਕੈਦੀਆਂ ਉੱਤੇ 10 ਦੇ ਕਰੀਬ ਹਮਲਾਵਰ ਕੈਦੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਕੈਦੀਆਂ ਨੇ ਵਾਰਦਾਤ ਦੌਰਾਨ ਪਾਣੀ ਦਾ ਲੋਹੇ ਵਾਲੇ ਪਾਈਪ, ਦਰੱਖਤ ਦਾ ਡੰਡਾ ਅਤੇ ਚਾਕੂਆਂ ਦੀ ਵਰਤੋਂ ਕੀਤੀ। ਕੈਦੀਆਂ ਨੇ ਇਹ ਹਥਿਆਰ ਕਿਵੇਂ ਹਾਸਿਲ ਕੀਤੇ ਇਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਲਗਾਈ ਗਈ ਕਤਲ ਅਤੇ ਇਰਾਦਾ ਕਤਲ ਦੀ ਧਾਰਾ:ਡੀਆਈਜੀ ਨੇ ਅੱਗੇ ਕਿਹਾ ਕਿ ਕਤਲ ਵਿੱਚ ਨਾਮਜ਼ਦ ਹੋਏ 10 ਮੁਲਜ਼ਮਾਂ ਵਿੱਚ 6 ਖਿਲਾਫ ਪਹਿਲਾਂ ਵੀ ਕਤਲ ਦੇ ਮਾਮਲਾ ਦਰਜ ਹਨ। ਇਸ ਤੋਂ ਇਲਾਵਾ 4 ਹੋਰ ਨਾਮਜ਼ਦ ਮੁਲਜ਼ਮਾਂ ਉੱਤੇ ਪੁਲਿਸ ਵੱਲੋਂ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸਾਰੇ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।