ਲੁਧਿਆਣਾ: ਅੱਜ ਸ਼ਨੀਵਾਰ ਦੀ ਤੜਕ ਸਵੇਰੇ ਹੀ ਲੁਧਿਆਣਾ ਦੇ ਵਿੱਚ ਸਥਿਤ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਨੂੰ ਲੈ ਕੇ ਲੁਧਿਆਣਾ ਦੀ ਸਦਰ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਪ੍ਰਾਪਤ ਹੋਈ ਜਿਸ ਵਿੱਚ ਲਿਖਿਆ ਗਿਆ ਸੀ ਕਿ ਪੰਜ ਅਕਤੂਬਰ ਵਾਲੇ ਦਿਨ ਸਕੂਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਸ ਈਮੇਲ ਦੀ ਜਾਂਚ ਕੀਤੀ ਗਈ। ਜਿਹੜਾ ਮੋਬਾਈਲ ਨੰਬਰ ਈਮੇਲ ਤੇ ਭੇਜਿਆ ਗਿਆ ਉਹ ਬਿਹਾਰ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਵਿੱਚ ਕਿਸੇ ਨਾਬਾਲਿਗ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ।
ਬੰਬ ਦੀ ਧਮਕੀ ਤੋਂ ਸਹਿਮ ਦਾ ਮਾਹੌਲ
ਇਹ ਈਮੇਲ ਸਕੂਲ ਦੇ ਪ੍ਰਿੰਸੀਪਲ ਨੂੰ ਬੀਤੇ ਦਿਨ ਪ੍ਰਾਪਤ ਹੋਈ। ਜਿਸ ਕਾਰਨ ਅੱਜ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਸਕੂਲ ਨਹੀਂ ਲਗਾਇਆ ਗਿਆ । ਹਾਲਾਂਕਿ ਜਦੋਂ ਮੌਕੇ 'ਤੇ ਅਫਸਰ ਪਹੁੰਚੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਕੂਲ ਬੰਦ ਕਿਉਂ ਹੈ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਸੋਸ਼ਲ ਮੀਡੀਆ 'ਤੇ ਲਗਾਤਾਰ ਇਹ ਖਬਰ ਫੈਲ ਰਹੀ ਹੈ। ਇਸ ਦੀ ਇੱਕ ਈਮੇਲ ਦਾ ਸਕਰੀਨ ਸ਼ੋਟ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਕੂਲ ਦੀ ਪ੍ਰਿੰਸੀਪਲ ਕਿਰਨਜੀਤ ਕੌਰ ਦੇ ਨਾਂ ਤੇ ਇਹ ਈਮੇਲ ਭੇਜੀ ਗਈ। ਜਿਸ ਵਿੱਚ ਲਿਖਿਆ ਗਿਆ ਕਿ ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਨੂੰ ਅਸੀਂ ਅਲਰਟ ਦਿੰਦੇ ਹਨ ਕਿ ਅਸੀਂ 5 ਅਕਤੂਬਰ ਨੂੰ ਇੱਥੇ ਬੰਬ ਪਲਾਂਟ ਕੀਤਾ ਹੈ। ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ।